ਜਲੰਧਰ, 8 ਸਤੰਬਰ 2023 – ਜਲੰਧਰ ਦੇ ਦੋ ਢਿੱਲੋ ਭਰਾਵਾਂ ਨੂੰ ਦਰਿਆ ਵਿੱਚ ਖੁਦਕੁਸ਼ੀ ਲਈ ਛਾਲ ਮਾਰਨ ਲਈ ਮਜਬੂਰ ਕਰਨ ਦੇ ਮਾਮਲੇ ‘ਚ ਤਿੰਨਾਂ ‘ਚੋਂ ਇੱਕ ਮੁਲਜ਼ਮ ਜਗਜੀਤ ਕੌਰ ਨੇ ਜ਼ਿਲ੍ਹਾ ਅਦਾਲਤ ‘ਚ ਅਗਾਊਂ ਜ਼ਮਾਨਤ ਦਾਇਰ ਕੀਤੀ ਹੈ। ਜਿਸ ਦੇ ਲਈ ਅਦਾਲਤ ਵੱਲੋਂ ਰਿਕਾਰਡ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ 19 ਸਤੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ ਛਾਲ ਮਾਰ ਕੇ ਆਤਮ ਹੱਤਿਆ ਕਰਨ ਅਤੇ ਉਨ੍ਹਾਂ ਦੋ ਭਰਾਵਾਂ ਵਿੱਚੋਂ ਇੱਕ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋਂ ਬਾਅਦ ਐਸਐਚਓ ਨਵਦੀਪ ਸਿੰਘ, ਇੱਕ ਮਹਿਲਾ ਪੁਲਿਸ ਅਧਿਕਾਰੀ ਜਗਜੀਤ ਕੌਰ ਅਤੇ ਥਾਣੇ ਦੇ ਮੁਨਸ਼ੀ ਬਲਵਿੰਦਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਅਤੇ 34 ਰਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਹੀ ਐਸਐਚਓ ਨਵਦੀਪ ਸਿੰਘ ਸਮੇਤ ਬਾਕੀ ਦੋਵੇਂ ਮੁਲਾਜ਼ਮ ਵੀ ਰੂਪੋਸ਼ ਚੱਲ ਰਹੇ ਹਨ, ਪੁਲਿਸ ਇਨ੍ਹਾਂ ਤਿੰਨਾਂ ‘ਚੋਂ ਅਜੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕੀ ਹੈ।
ਮਾਮਲੇ ‘ਚ ਪੁਲਿਸ ਦੀ ਹੋ ਰਹੀ ਕਿਰਕਰੀ ਅਤੇ ਇੱਕ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋਂ ਬਾਅਦ ਐਸਐਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜਦੋਂ ਕਿ ਦੂਜੇ ਭਰਾ ਮਾਨਵ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ।