ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– ਪਿਛਲੇ ਦਿਨੀਂ ਧੋਬੀ ਘਾਟ ਚੌਂਕ ਨਜ਼ਦੀਕ ਭਾਜਪਾ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਜਿਹੜੀ ਕੁੱਕੜ ਖੇਹ ਕੁਝ ਆਗੂਆਂ ਵੱਲੋਂ ਉਡਾ ਕੇ ਦੂਜਿਆਂ ਦੇ ਸਿਰ ਪਾਈ ਗਈ ਸੀ ਨੂੰ ਆਉਂਦੇ ਦਿਨਾਂ ਦੌਰਾਨ ਪਾਰਟੀ ਹਾਈਕਮਾਂਡ ਝਾੜ ਸਕਦੀ ਹੈ। ਪਤਾ ਚਲਿਆ ਹੈ ਕਿ ਮਹਿਲਾ ਨੇਤਾ ਦੇ ਇੱਕ ਕੁੱਕੜ ਨੇ ਇਕ ਭਾਜਪਾ ਨੇਤਾ ਦੇ ਥੱਪੜ ਰਸੀਦ ਕਰ ਦਿੱਤਾ ਸੀ ਅਤੇ ਉਸ ਥੱਪੜ ਦੀ ਗੂੰਜ ਹੁਣ ਚੰਡੀਗੜ੍ਹ ਅਤੇ ਦਿੱਲੀ ਪਹੁੰਚ ਗਈ ਹੈ ਅਤੇ ਮਿਲੀ ਜਾਣਕਾਰੀ ਮੁਤਾਬਿਕ ਉਸ ਦਿਨ ਵਾਪਰੀ ਘਟਨਾ ਦੀ ਇੱਕ-ਇੱਕ ਗੱਲ ਪਾਰਟੀ ਹਾਈਕਮਾਂਡ ਤੱਕ ਪੁੱਜਦੀ ਕਰ ਦਿੱਤੀ ਗਈ ਹੈ, ਇਸ ਮੀਟਿੰਗ ਵਿੱਚ ਭਾਜਪਾ ਦੇ ਸਥਾਨਕ ਆਗੂਆਂ ਤੋਂ ਇਲਾਵਾ ਇੰਚਾਰਜ ਮੋਹਨ ਲਾਲ ਵੀ ਮੌਜੂਦ ਸਨ ਤੇ ਉਨ੍ਹਾਂ ਦੀ ਹਾਜਰੀ ਵਿੱਚ ਹੀ ਇੱਕ ਸੀਨੀਅਰ ਆਗੂ ਦੇ ਥੱਪੜ ਪੈਣ ਦੀ ਗੱਲ ਵੀ ਸਾਹਮਣੇ ਆਈ ਹੈ।
ਜਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਉਸ ਸਮੇਂ ਮਾਹੌਲ ਗਰਮਾਇਆ ਜਦੋਂ ਅਵਿਨਾਸ਼ ਰਾਏ ਖੰਨਾ ਨੇ ਸੰਬੋਧਨ ਸ਼ੁਰੂ ਕੀਤਾ ਤੇ ਪਾਰਟੀ ਆਗੂਆਂ ਨੂੰ 2024 ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਤੇ ਫਿਰ ਇਸੇ ਦੌਰਾਨ ਗੜ੍ਹਸ਼ੰਕਰ ਤੋਂ ਭਾਜਪਾ ਉਮੀਦਵਾਰ ਵਜ੍ਹੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੀ ਨਿਮਿਸ਼ਾ ਮਹਿਤਾ ਵੱਲੋਂ ਸਖਤ ਇਤਰਾਜ ਜਤਾਇਆ ਗਿਆ ਤੇ ਕਿਹਾ ਗਿਆ ਕਿ ਵਿਧਾਨ ਸਭਾ ਚੋਣਾ ਵਿੱਚ ਇਕਜੁੱਟਤਾ ਕਿਉਂ ਨਹੀਂ ਦਿਖਾਈ ਗਈ, ਇਸ ਦਰਮਿਆਨ ਜਦੋਂ ਦੂਸਰੇ ਭਾਜਪਾ ਆਗੂਆਂ ਨੇ ਵਿੱਚ ਪੈ ਕੇ ਗੱਲ ਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਸਭ ਨੂੰ ਬਣਦਾ ਲੂਣ-ਪਾਣੀ ਥਾਂ ਹੀ ਮਿਲ ਗਿਆ ਜਿਸ ਪਿੱਛੋ ਜਿਆਦਾਤਰ ਆਗੂਆਂ ਨੇ ਪੈਰ ਪਿਛਾਹ ਨੂੰ ਖਿੱਚ ਲਏ ਤੇ ਆਖਿਰ ਕਾਹਲੀ ਵਿੱਚ ਮੀਟਿੰਗ ਦੀ ਸਮਾਪਤੀ ਕੀਤੀ ਗਈ। ਇਸ ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ, ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਭਾਜਪਾ ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਮੀਨੂੰ ਸੇਠੀ, ਨਿਮਿਸ਼ਾ ਮਹਿਤਾ ਸਮੇਤ ਹੋਰ ਵੀ ਕਈ ਆਗੂ ਮੌਜੂਦ ਸਨ।
ਪਾਰਟੀ ਇੰਚਾਰਜ ਦੀ ਹੈ ਜਿੰਮੇਵਾਰੀ-ਖੰਨਾ
ਇਸ ਸਬੰਧ ਵਿੱਚ ਅਵਿਨਾਸ਼ ਰਾਏ ਖੰਨਾ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਜੋ ਕੁਝ ਹੋਇਆ ਉਹ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਇੰਚਾਰਜ ਦੀ ਹਾਜਰੀ ਵਿੱਚ ਹੋਇਆ ਜੋ ਉਨ੍ਹਾਂ ਖੁਦ ਦੇਖਿਆ ਹੈ ਤੇ ਇਸ ਸਬੰਧੀ ਪਾਰਟੀ ਹਾਈਕਮਾਂਡ ਤੱਕ ਰਿਪੋਰਟ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਹੈ।
ਪਾਰਟੀ ਹਾਈਕਮਾਂਡ ਨੂੰ ਰਿਪੋਰਟ ਸੌਂਪ ਦਿੱਤੀ ਹੈ-ਇੰਚਾਰਜ
ਮਾਮਲੇ ਪ੍ਰਤੀ ਜਦੋਂ ਇੰਚਾਰਜ ਮੋਹਨ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੀਟਿੰਗ ਵਿੱਚ ਜੋ-ਜੋ ਵੀ ਹੋਇਆ ਉਸ ਪ੍ਰਤੀ ਇੱਕ ਵਿਸਥਾਰਿਤ ਰਿਪੋਰਟ ਬਣਾ ਕੇ ਪਾਰਟੀ ਹਾਈਕਮਾਂਡ ਨੂੰ ਸੌਂਪ ਦਿੱਤੀ ਗਈ ਹੈ ਤੇ ਹੁਣ ਅਗਲਾ ਫੈਸਲਾ ਹਾਈਕਮਾਂਡ ਵੱਲੋਂ ਲਿਆ ਜਾਵੇਗਾ।