– 6 ਦੀ ਹਾਲਤ ਗੰਭੀਰ
ਗੁਰਦਾਸਪੁਰ, 27 ਅਗਸਤ 2023 – ਗੁਰਦਾਸਪੁਰ ਮੁਕੇਰੀਆਂ ਜੀ.ਟੀ.ਰੋਡ ‘ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੇਰ ਰਾਤ ਇੱਕ ਬੇਕਾਬੂ ਟਰਾਲਾ ਸੜਕ ਕਿਨਾਰੇ ਰੇਹੜੀਆਂ ਨੂੰ ਦਰੜਦਾ ਹੋਇਆ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਦੋ ਦੁਕਾਨਾਂ ਵਿੱਚ ਜਾ ਵੜਿਆ। ਟਰੱਕ ਕਿੰਨੀ ਤੇਜ਼ ਹੋਵੇਗਾ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਲਪੇਟ ਵਿੱਚ ਆਈਆਂ ਦੋ ਪੱਕੀਆਂ ਸੀਮੇਂਟ ਦੀਆਂ ਬਣੀਆਂ ਦੁਕਾਨਾਂ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ ਹਨ। ਇੱਕ ਦੁਕਾਨ ਬੰਦ ਸੀ ਜਦ ਕਿ ਦੂਸਰੀ ਦੁਕਾਨ ਦਾ ਮਾਲਕ ਬਾਹਰ ਗਿਆ ਹੋਇਆ ਸੀ ਦੁਕਾਨ ਵਿੱਚ ਬੈਠੇ ਉਸਦੇ ਇੱਕ ਦੋਸਤ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ‘ਚ ਤਿੰਨ ਗੰਭੀਰ ਜ਼ਖ਼ਮੀਆਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਅਤੇ ਕਿਰਨ ਦਾਸ ਵਾਸੀ ਪਰਵਾਸੀ ਮਜ਼ਦੂਰ ਵਜੋਂ ਹੋਈ ਹੈ। ਲੋਕਾਂ ਅਨੁਸਾਰ ਉਕਤ ਟਰਾਲੀ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਕਤ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁਲਸ ਹਵਾਲੇ ਕਰ ਦਿੱਤਾ ਹੈ। ਚਸ਼ਮਦੀਦਾਂ ਮੁਤਾਬਕ ਘਟਨਾ ਦੇਰ ਰਾਤ ਵਾਪਰੀ। ਸੜਕ ਦੇ ਕਿਨਾਰੇ ਕਈ ਸਬਜ਼ੀਆਂ ਦੇ ਸਟਾਲ ਲੱਗੇ ਹੋਏ ਸਨ। ਬੇਕਾਬੂ ਟਰਾਲਾ ਚਾਲਕ ਪਹਿਲਾਂ ਰੇਹੜੀਆਂ ਨੂੰ ਦਰੜਦਾ ਹੋਇਆ ਅਤੇ ਫਿਰ ਸੜਕ ਕਿਨਾਰੇ ਦੋ ਦੁਕਾਨਾਂ ਵਿੱਚ ਵੜ ਗਿਆ।
ਉਥੇ ਹੀ ਮੌਕੇ ‘ਤੇ ਪਹੁੰਚੇ ਐੱਸਪੀ ਨਵਜੋਤ ਸਿੰਘ ਨੇ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਟਰਾਲੇ ਨੂੰ ਕਬਜ਼ੇ ‘ਚ ਲੈ ਕੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।