ਭਰਤੀ ਮਾਮਲਾ, 2 ਕਾਰਜ ਸਾਧਕ ਅਫ਼ਸਰਾਂ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਖਿਲਾਫ਼ ਚਾਰਜਸ਼ੀਟ ਜਾਰੀ
ਚੰਡੀਗੜ੍ਹ-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਕਰੀਬ 5 ਸਾਲ ਪੁਰਾਣੇ ਮਾਮਲੇ ਵਿੱਚ ਵਿਭਾਗ ਦੇ 2 ਕਾਰਜ ਸਾਧਕ ਅਫ਼ਸਰਾਂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਖਿਲਾਫ਼ ਚਾਰਜਸ਼ੀਟ ਜਾਰੀ ਕੀਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤਜਿੰਦਰ ਕੌਰ (ਸੇਵਾਮੁਕਤ ਆਈ.ਏ.ਐਸ.) ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਤੋਂ ਪ੍ਰਾਪਤ ਪੱਤਰ ਅਨੁਸਾਰ ਰਜਨੀਸ਼ ਸੂਦ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਚਮਕੌਰ ਸਾਹਿਬ, ਗੁਰਬਖਸ਼ੀਸ਼ ਸਿੰਘ, ਕਾਰਜ ਸਾਧਕ ਅਫ਼ਸਰ ਦੋਰਾਹਾ (ਲੁਧਿਆਣਾ) ਖਿਲਾਫ ਦੋਸ਼ੀ ਸੂਚੀ ਜਾਰੀ ਕਰਦੇ ਹੋਏ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ 1970 ਦੇ ਅਧੀਨ ਅਤੇ ਵਿਜੇ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਤੋਂ 21 ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਜਵਾਬ ਤਲਬ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਗੁਰਧਿਆਨ ਸਿੰਘ ਨਿਵਾਸੀ ਮੋਰਿੰਡਾ ਨੇ ਕਮਿਸ਼ਨ ਨੂੰ 21 ਮਈ 2015 ਨੂੰ ਸ਼ਿਕਾਇਤ ਕੀਤੀ ਸੀ ਕਿ ਨਗਰ ਕੌਂਸਲ ਮੋਰਿੰਡਾ ਨੇ ਅਨੁਸੂਚਿਤ ਜਾਤੀ ਵਰਗ ਦੀ ਸੀਟ ਉਤੇ ਰਜਨੀਸ਼ ਸੂਦ (ਤਤਕਾਲੀ ਲੇਖਾਕਾਰ ਨਗਰ ਕੌਂਸਲ ਮੋਰਿੰਡਾ) ਦੀ ਪਤਨੀ ਰਜਨੀ ਬਾਲਾ (ਜੋ ਕਿ ਅਨੁਸੂਚਿਤ ਜਾਤੀ ਦੀ ਨਹੀਂ ਸੀ) ਨੂੰ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਬਤੌਰ ਈ.ਟੀ.ਟੀ. ਟੀਚਰ ਭਰਤੀ ਕੀਤਾ ਸੀ। ਇਸ ਮਾਮਲੇ ਦੀ ਸਿੱਖਿਆ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਿਸਥਾਰਤ ਪੜਤਾਲ ਕੀਤੀ ਗਈ। ਸਥਾਨਕ ਸਰਕਾਰਾਂ ਵਿਭਾਗ ਨੇ ਗਲਤ ਢੰਗ ਨਾਲ ਅਧਿਆਪਕ ਦੀ ਭਰਤੀ ਕਰਨ ਦੇ ਮਾਮਲੇ ਵਿੱਚ ਤਤਕਾਲੀ ਚੋਣ ਕਮੇਟੀ ਵਿੱਚ ਸ਼ਾਮਲ ਵਿਜੇ ਕੁਮਾਰ (ਪ੍ਰਧਾਨ ਨਗਰ ਕੌਂਸਲ), ਗੁਰਬਖਸ਼ੀਸ਼ ਸਿੰਘ (ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮੋਰਿੰਡਾ), ਗੁਰਨਾਮ ਸਿੰਘ (ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਮੋਰਿੰਡਾ) ਭੁਪਿੰਦਰ ਸਿੰਘ (ਤਹਿਸੀਲ ਭਲਾਈ ਅਫ਼ਸਰ. ਚਮਕੌਰ ਸਾਹਿਬ) ਤ. ਸਿੰਘ (ਐਥਲੈਟਿਕ ਕੋਚ ਸਪੋਰਟਸ ਡਿਪਾਰਟਮੈਂਟ, ਰੋਪੜ, ਪੰਜਾਬ) ਖਿਲਾਫ਼ ਕਾਰਵਾਈ ਆਰੰਭੀ ਸੀ।