ਚੰਡੀਗੜ੍ਹ, 25 ਅਗਸਤ 2023 – ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਹਨੀਪ੍ਰੀਤ ਨਾਲ ਜੁੜਿਆ ਇਹ ਵਿਵਾਦ ਡੇਰੇ ਵਿੱਚ ਉਸ ਦੀ ਬਣਾਈ ਜਾ ਰਹੀ ਰਿਹਾਇਸ਼ ਨੂੰ ਲੈ ਕੇ ਪੈਦਾ ਹੋਇਆ ਹੈ। ਇਸ ਸਬੰਧੀ ਦੱਖਣੀ-ਪੱਛਮੀ ਦਿੱਲੀ ਦੇ ਮਹਾਵੀਰ ਇਨਕਲੇਵ ਦੇ ਰਹਿਣ ਵਾਲੇ 50 ਸਾਲਾ ਸੰਜੇ ਝਾਅ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਦਰਅਸਲ ਡੇਰੇ ‘ਚ ਰਾਮ ਰਹੀਮ ਦੀ ਰਿਹਾਇਸ਼ ਨੂੰ ਢਾਹ ਕੇ ਨਵੀਂ ਕਲਸ਼ ਦੇ ਆਕਾਰ ਦੀ ਇਮਾਰਤ ਬਣਾਈ ਜਾ ਰਹੀ ਹੈ। ਹਨੀਪ੍ਰੀਤ ਇਸ ਇਮਾਰਤ ‘ਚ ਰਹੇਗੀ, ਪਰ ਇਮਾਰਤ ਨੂੰ ਕਲਸ਼ ਦਾ ਰੂਪ ਦੇਣ ਕਾਰਨ ਇਹ ਮਾਮਲਾ ਹਾਈਕੋਰਟ ‘ਚ ਪਹੁੰਚ ਗਿਆ ਹੈ। ਦਾਇਰ ਪਟੀਸ਼ਨ ਮੁਤਾਬਕ ਕਲਸ਼ ਦੇ ਆਕਾਰ ਦੀ ਇਮਾਰਤ ਬਣਾਉਣ ਦਾ ਮਕਸਦ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਪੁਰਾਣ ਕਥਾਵਾਂ ਦੇ ਅਨੁਸਾਰ, ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਅਧਿਆਤਮਿਕ ਨਿਵਾਸ ਮੰਨਿਆ ਜਾਂਦਾ ਹੈ।
ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਅਜਿਹੇ ‘ਚ ਡੇਰਾ ਸਿਰਸਾ ਵਿੱਚ ਇਮਾਰਤ ਨੂੰ ਕਲਸ਼ ਦਾ ਰੂਪ ਦੇਣਾ ਠੀਕ ਨਹੀਂ ਹੈ। ਪਟੀਸ਼ਨ ਵਿੱਚ ਅਜਿਹੀਆਂ ਤਬਦੀਲੀਆਂ ਨੂੰ ਸਬੂਤਾਂ ਨੂੰ ਨਸ਼ਟ ਕਰਨ ਵਜੋਂ ਵੀ ਕਿਹਾ ਗਿਆ ਹੈ, ਕਿਉਂਕਿ ਪੁਰਾਣੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੇ ਸਾਜ਼ਿਸ਼ਕਾਰਾਂ ਵਿਰੁੱਧ ਦਰਜ ਐਫਆਈਆਰ ਦਾ ਹਿੱਸਾ ਹੈ। ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹਿੰਸਾ ਭੜਕੀ ਸੀ।
ਦੋਸ਼ ਹਨ ਕਿ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਮੈਨ ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਨਵੀਂ ਇਮਾਰਤ ਬਣਾਈ ਹੈ। ਪਟੀਸ਼ਨ ‘ਚ ਕਲਸ਼ ਦੀ ਸ਼ਕਲ ਦੇ ਗੈਰ-ਕਾਨੂੰਨੀ ਅਤੇ ਵਿਵਾਦਪੂਰਨ ਨਿਰਮਾਣ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।