ਫਿਰੋਜ਼ਪੁਰ, 23 ਅਗਸਤ 2023 – ਪਾਕਿਸਤਾਨ ਰੇਂਜਰਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਜ਼ੀਰੋ ਲਾਈਨ ‘ਤੇ ਛੇ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿ ਮੀਡੀਆ ਮੁਤਾਬਕ ਉਕਤ ਸਮੱਗਲਰਾਂ ਨੂੰ ਪਾਕਿ ਰੇਂਜਰਾਂ ਨੇ 29 ਜੁਲਾਈ ਤੋਂ 3 ਅਗਸਤ ਦਰਮਿਆਨ ਹਿਰਾਸਤ ‘ਚ ਲਿਆ ਸੀ, ਪਰ ਕੋਈ ਵੀ ਅਧਿਕਾਰੀ ਇਸ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ। 29 ਜੁਲਾਈ ਤੋਂ 3 ਅਗਸਤ ਤੱਕ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਸਰਹੱਦ ‘ਤੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਛੇ ਨੌਜਵਾਨ ਫਿਰੋਜ਼ਪੁਰ, ਜਲੰਧਰ ਅਤੇ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕੇ ਇਹ ਨੌਜਵਾਨ ਹੜ੍ਹ ਕਾਰਨ ਰੁੜ ਕੇ ਪਾਕਿਸਤਾਨ ਚਲੇ ਗਏ ਸਨ। ਇਨ੍ਹਾਂ ਨੌਜਵਾਨਾਂ ਦੀ ਪਛਾਣ ਗੁਰਮੇਲ ਸਿੰਘ, ਸ਼ਿੰਦਰ ਸਿੰਘ, ਜੋਗਿੰਦਰ ਸਿੰਘ ਤਿੰਨੋਂ ਵਾਸੀ ਪਿੰਡ ਕਿਲਚੇ ਫਿਰੋਜ਼ਪੁਰ, ਵਿਸ਼ਾਲਜੀਤ ਸਿੰਘ ਵਾਸੀ ਫਿਰੋਜ਼ਪੁਰ, ਮਹਿੰਦਰ ਸਿੰਘ ਵਾਸੀ ਜਲੰਧਰ, ਗੁਰਵਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਖੁਫੀਆ ਏਜੰਸੀਆਂ ਵੱਲੋਂ ਉਕਤ ਨੌਜਵਾਨਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਲੁਧਿਆਣਾ ਦੇ ਸਿੱਧਵਾਂ ਬੇਟ ਦੇ ਵਸਨੀਕ ਰਤਨਪਾਲ ਸਿੰਘ ਅਤੇ ਹਰਵਿੰਦਰ ਸਿੰਘ ਫ਼ਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਨਾਲ ਲੱਗਦੇ ਗਜ਼ਨੀ ਵਾਲਾ ਬੀਓਪੀ ਨੇੜੇ ਹੜ੍ਹ ਦਾ ਫਾਇਦਾ ਉਠਾ ਕੇ ਪਾਕਿਸਤਾਨ ਚਲੇ ਗਏ ਸਨ। ਇਸ ਦੌਰਾਨ ਸੀਮਾ ਸੁਰੱਖਿਆ ਬਲ ਅਤੇ ਪਾਕਿ ਰੇਂਜਰਾਂ ਵੱਲੋਂ ਕਈ ਵਾਰ ਫਲੈਗ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਉਨ੍ਹਾਂ ਨੇ ਉਕਤ ਨੌਜਵਾਨਾਂ ਨੂੰ ਲਿਖਤੀ ਰੂਪ ਵਿੱਚ ਸੌਂਪਣ ਤੋਂ ਇਨਕਾਰ ਕਰ ਦਿੱਤਾ।