ਗੁਰਦਾਸਪੁਰ 15 ਅਗਸਤ 2023 – ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਨਿਮਾਣਾ ਵਿੱਚ ਸੋਮਵਾਰ ਦੀ ਦੇਰ ਸ਼ਾਮ ਨੂੰ ਇੱਕ ਸਾਬਕਾ ਫ਼ੌਜੀ ਵੱਲੋ ਪਿੰਡ ਦੇ ਹੀ ਇੱਕ ਬਜ਼ੁਰਗ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ।
ਜ਼ਖ਼ਮੀ ਹੋਏ ਗੁਰਮੀਤ ਸਿੰਘ ਪੁੱਤਰ ਮੋਹਨ ਸਿੰਘ ਦੇ ਵਾਰਸਾਂ ਨੇ ਦੱਸਿਆ ਕਿ ਪਿੰਡ ਦੇ ਨੇੜੇ ਹੀ ਘਰਾਂ ਦੀਆਂ ਰੂੜੀਆਂ ਵਾਲੇ ਖੱਡਿਆਂ ਦੇ ਮਾਮਲੇ ਨੂੰ ਲੈ ਕੇ ਸਾਬਕਾ ਫੌਜੀ ਗੁਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਨੇ ਕਥਿਤ ਸ਼ਰਾਬੀ ਹਾਲਤ ਵਿੱਚ ਪਿੰਡ ਵਾਸੀ ਗੁਰਮੀਤ ਸਿੰਘ ਅਤੇ ਸਾਥੀਆਂ ਨਾਲ ਝਗੜਾ ਕੀਤਾ ਅਤੇ ਇਸ ਉਪਰੰਤ ਗੁਰਦੀਪ ਸਿੰਘ ਨੇ ਤੈਸ਼ ਚ ਆ ਕੇ ਆਪਣੇ ਘਰੋਂ ਆਪਣਾ ਲਾਇਸੰਸੀ ਰਿਵਾਲਵਰ ਲਿਆ ਕੇ ਗੁਰਮੀਤ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ। ਜਿਸ ਦੌਰਾਨ ਇੱਕ ਗੋਲੀ ਗੁਰਮੀਤ ਸਿੰਘ ਦੇ ਢਿੱਡ ਵਿੱਚ ਅਤੇ ਇੱਕ ਲੱਤ ਵਿੱਚ ਲੱਗੀ ਹੈ। ਗੁਰਮੀਤ ਸਿੰਘ ਗੰਭੀਰ ਹਾਲਤ ਚ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਉਥੇ ਹੀ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿਖੇ ਪਹੁੰਚੇ ਸਭ ਇੰਸਪੈਕਟਰ ਸੁਰਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਿਮਾਣਾ ਵਿੱਚ ਇੱਕ ਸਾਬਕਾ ਫੌਜੀ ਵਲੋਂ ਬਜ਼ੁਰਗ ਗੁਰਮੀਤ ਸਿੰਘ ਤੇ ਗੋਲੀ ਚਲਾਈ ਗਈ ਹੈ ਉਹਨਾਂ ਕਿਹਾ ਕਿ ਡਾਕਟਰਾਂ ਦੇ ਕਹਿਣ ਮੁਤਾਬਕ ਜਖਮੀ ਬਜ਼ੁਰਗ ਅਜੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ ਜਖਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮ ਦੇ ਖਿਲਾਫ਼ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।