ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– ਸਥਾਨਕ ਬੂਲਾਵਾੜੀ ਨਜਦੀਕ ਕੁਝ ਸਮਾ ਪਹਿਲਾ ਬਣਾਏ ਗਏ ਨਵੇਂ ਕੋਰਟ ਕੰਪਲੈਕਸ ਦੇ ਅੰਦਰ ਬਣਾਏ ਵਕੀਲਾਂ ਦੇ ਚੈਂਬਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਕਿਉਂਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪੀ.ਡਬਲਿਊ.ਡੀ.ਵਿਭਾਗ ਨੂੰ ਪੱਤਰ ਲਿਖ ਕੇ ਇਹ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਕਿ ਦੇਖੋ ਨਿਰਮਾਣ ਵਿੱਚ ਸੀਮੈਂਟ-ਸਰੀਆ ਪੂਰਾ ਲੱਗਾ ਹੈ ਜਾਂ ਫਿਰ ਨਹੀਂ, ਦੱਸ ਦਈਏ ਕਿ ਜਦੋਂ ਤੋਂ ਇਹ ਚੈਂਬਰ ਬਣੇ ਹਨ ਤਦ ਤੋਂ ਸੁਰਖੀਆਂ ਵਿੱਚ ਹਨ, ਪਹਿਲਾ ਤਾਂ ਇਨ੍ਹਾਂ ਚੈਂਬਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਇਹ ਚਰਚਾ ਵਿੱਚ ਆਏ, ਫਿਰ ਤਦ ਚਰਚਾ ਹੋਈ ਜਦੋਂ ਵਕੀਲਾਂ ਨੇ ਇੱਥੇ ਆਪਣੇ ਕੰਮ ਸੈੱਟ ਕਰਨਾ ਸ਼ੁਰੂ ਕੀਤਾ ਤੇ ਉਦੋਂ ਕੰਧਾਂ ਤੋਂ ਸੀਮੈਂਟ ਰੇਤ ਵਾਂਗ ਕਿਰਨ ਲੱਗ ਪਿਆ ਤੇ ਫਿਰ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਸੌਂਪ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਵੱਲੋਂ ਮਿਲੇ ਆਦੇਸ਼ਾਂ ਉਪਰੰਤ ਪੀ.ਡਬਲਿਊ.ਡੀ ਵਿਭਾਗ ਮਾਹਿਰਾਂ ਦੀ ਰਾਏ ਲੈ ਰਿਹਾ ਹੈ ਤਾਂ ਜੋ ਜਾਂਚ ਕੀਤੀ ਜਾ ਸਕੇ। ਜਿਕਰਯੋਗ ਹੈ ਕਿ ਵਕੀਲਾਂ ਨੂੰ ਇੱਕ-ਇੱਕ ਚੈਂਬਰ 2-2 ਲੱਖ ਵਿੱਚ ਪਿਆ ਹੈ ਲੇਕਿਨ ਬਿਜਲੀ ਨਾ ਮਿਲਣ ਕਾਰਨ ਵਕੀਲ ਭਾਈਚਾਰਾ ਪ੍ਰੇਸ਼ਾਨ ਹੈ ਤੇ ਉੱਪਰੋ ਨਿਰਮਾਣ ਵਿੱਚ ਘਟੀਆ ਮਟੀਰੀਅਲ ਵਰਤੇ ਜਾਣ ਦੀ ਸ਼ਿਕਾਇਤ ਵਕੀਲ ਲਗਾਤਾਰ ਬਾਰ ਐਸੋਸੀਏਸ਼ਨ ਨੂੰ ਕਰ ਰਹੇ ਸਨ।


ਬਾਰ ਰੂਮ ਦੇ ਏ.ਸੀ. ਵਕੀਲਾਂ ਨੂੰ ਦੇ ਰਹੇ ਰਾਹਤ
ਇਸ ਕੋਰਟ ਕੰਪਲੈਕਸ ਵਿੱਚ ਬਣਾਏ ਗਏ ਬਾਰ ਰੂਮ ਨੂੰ ਹੀ ਜਿਆਦਾਤਰ ਵਕੀਲਾਂ ਵੱਲੋਂ ਆਪਣੇ ਦਫਤਰ ਵਜੋਂ ਵਰਤਿਆ ਜਾ ਰਿਹਾ ਹੈ, ਜਿਆਦਾ ਵਕੀਲ ਆਪਣੇ ਚੈਂਬਰਾਂ ਵਿੱਚ ਘੱਟ ਬਾਰ ਰੂਮ ਵਿੱਚ ਜਿਆਦਾ ਸਮਾਂ ਬਤੀਤ ਕਰਦੇ ਹਨ ਤੇ ਇਸਦਾ ਕਾਰਨ ਬਾਰ ਰੂਮ ਵਿੱਚ ਲੱਗੇ ਏ.ਸੀ. ਹਨ ਜਿੱਥੇ ਬੈਠ ਕੇ ਵਕੀਲ ਗਰਮੀ ਤੋਂ ਬਚਦੇ ਹਨ। ਜੇੇਕਰ ਬਾਰ ਰੂਮ ਨਾ ਹੁੰਦਾ ਤਾਂ ਵਕੀਲਾਂ ਲਈ ਗਰਮੀ ਕੱਟਣੀ ਬਹੁਤ ਮੁਸ਼ਕਿਲ ਹੋਣੀ ਸੀ। ਦੱਸ ਦਈਏ ਕਿ ਵਕੀਲਾਂ ਦੇ ਚੈਂਬਰਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਦਾ ਮਾਮਲਾ ਹੁਣ ਮਾਣਯੋਗ ਹਾਈਕੋਰਟ ਵਿੱਚ ਚੱਲ ਰਿਹਾ ਹੈ।