ਦਾ ਐਡੀਟਰ ਨਿਊਜ਼, ਮੋਗਾ —— ਵਿਦੇਸ਼ੀ ਧਰਤੀ ‘ਤੇ ਇੱਕ ਹੋਰ ਪੰਜਾਬ ਦੀ ਧੀ ਨੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਧੀ ਆਸਟ੍ਰੇਲੀਆ ‘ਚ ਡਿਪਟੀ ਮੇਅਰ ਬਣੀ ਹੈ। ਦੱਸ ਦਈਏ ਕਿ ਤਲਵਿੰਦਰ ਕੌਰ ਨੂੰ ਆਸਟਰੇਲੀਆ ਦੇ ਵਿਕਟੋਰੀਆ ਸੂਬੇ ’ਚ ਸਥਿਤ ਸ਼ਹਿਰ ਐਰਾਰਟ ਰੂਰਲ ਸਿਟੀ ਕੌਂਸਲ ਦੀ ਡਿਪਟੀ ਮੇਅਰ ਚੁਣਿਆ ਗਿਆ ਅਤੇ ਸੂਬੇ ਦੇ ਇਤਿਹਾਸ ਵਿੱਚ ਇਸ ਅਹੁਦੇ ’ਤੇ ਪਹੁੰਚਣ ਵਾਲੀ ਤਲਵਿੰਦਰ ਕੌਰ ਪਹਿਲੀ ਪੰਜਾਬਣ ਬਣ ਗਈ ਹੈ।
ਐਰਾਰਟ ਕੌਂਸਲ ਦੀ ਬੈਠਕ ਦੌਰਾਨ ਬੋਬ ਸੈਂਡਰਜ਼ ਨੂੰ ਮੇਅਰ ਅਤੇ ਤਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਡਿਪਟੀ ਮੇਅਰ ਚੁਣਿਆ ਗਿਆ। ਪਿਛਲੇ ਸਾਲ ਕੌਂਸਲਰ ਵਜੋਂ ਚੋਣ ਜਿੱਤਣ ਵਾਲੀ ਤਲਵਿੰਦਰ ਕੌਰ ਨੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਆਪਣੀ ਸੇਵਾ ਅਤੇ ਸਮਰਪਣ ਦੀ ਬੁਨਿਆਦ ‘ਤੇ ਇਹ ਉਪਲਬਧੀ ਹਾਸਲ ਕੀਤੀ ਹੈ।

ਦੱਸ ਦਈਏ ਕਿ ਤਲਵਿੰਦਰ ਕੌਰ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਹੈ। ਉਹ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਦਾ ਸਹੁਰਾ ਘਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ’ਚ ਹੈ। 2008 ਵਿੱਚ ਉਹ ਆਪਣੇ ਪਤੀ ਕਰਮਵੀਰ ਸਿੰਘ ਨਾਲ ਵਿਦੇਸ਼ ਗਈ ਸੀ ਅਤੇ ਬੈਲਾਰਟ ਦੀ ਫੈਡਰੇਸ਼ਨ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕੀਤੀ।