ਦਾ ਐਡੀਟਰ ਨਿਊਜ਼, ਗੁਰਦਾਸਪੁਰ —— ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਭੈਣੀ ਮੀਆਂ ਖਾਂ ਵਿੱਚ ਪੈਂਦੇ ਪਿੰਡ ਛਿੱਛਰਾ ਵਿਖੇ ਸਵੇਰੇ ਪੌਣੇ ਪੰਜ ਵਜੇ ਵੱਡਾ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿੱਚ 40 ਫੁੱਟ ਲੰਬਾ ਟੋਇਆ ਅਤੇ 15 ਫੁੱਟ ਡੂੰਘਾ ਟੋਇਆ ਪੈ ਗਿਆ ਹੈ।
ਜਿਸ ਤੋਂ ਬਾਅਦ ਇੱਕ ਜ਼ਬਰਦਸਤ ਧਮਾਕਾ ਹੋਇਆ। ਪਿੰਡ ਦੇ ਲੋਕ ਇਸ ਧਮਾਕੇ ਦੀ ਆਵਾਜ਼ ਤੋਂ ਬਾਅਦ ਡਰ ਗਏ। ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਕਿਲੋਮੀਟਰ ਦੇ ਏਰੀਏ ਦੇ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ। ਧਮਾਕੇ ਤੋਂ ਬਾਅਦ ਪੂਰਾ ਪਿੰਡ ਮੌਕੇ ਤੇ ਇਕੱਠਾ ਹੋ ਗਿਆ। 4 ਧਮਾਕਿਆਂ ਦੀ ਆਵਾਜ਼ ਸੁਣੀ ਗਈ।


ਪਿੰਡ ਦੇ ਸਰਪੰਚ ਸੁਖਦੇਵ ਸਿੰਘ ਦੇ ਮੁਤਾਬਕ ਪਿੰਡ ਦੇ ਖੇਤ ਵਿੱਚ ਵੱਡੇ ਟੋਏ ਪਏ ਹਨ ਅਤੇ ਆਸ ਪਾਸਬੰਬ ਨੁੰਮਾ ਚੀਜ਼ ਦਾ ਮਲਬਾ ਖਿਲਰਿਆ ਹੈ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਅਤੇ ਫੌਜ ਦੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਇਲਾਕੇ ਨੂੰ ਘੇਰ ਲਿਆ। ਪੁਲਿਸ ਇੰਸਪੈਕਟਰ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਕੇ ‘ਤੇ ਇਕੱਠੇ ਨਾ ਹੋਣ ਅਤੇ ਆਪਣੇ ਘਰਾਂ ਵਿੱਚ ਰਹਿਣ।
ਇਹ ਘਟਨਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੌਰਾਨ ਵਾਪਰੀ ਹੈ। ਪਿਛਲੇ ਕੁਝ ਦਿਨਾਂ ਵਿੱਚ, ਪਾਕਿਸਤਾਨ ਵੱਲੋਂ ਅੰਮ੍ਰਿਤਸਰ, ਜਲੰਧਰ, ਪਠਾਨਕੋਟ ਅਤੇ ਗੁਰਦਾਸਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਵਿੱਚ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਅਤੇ ਹਵਾਈ ਰੱਖਿਆ ਪ੍ਰਣਾਲੀ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ।