ਦਾ ਐਡੀਟਰ ਨਿਊਜ਼, ਅੰਮ੍ਰਿਤਸਰ —– ਜਿਵੇਂ ਹੀ ਪੰਜਾਬ ਵਿੱਚ ਹਨੇਰਾ ਹੋਇਆ, ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ‘ਤੇ ਹਮਲਾ ਕਰ ਦਿੱਤਾ। ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ, ਤਾਂ ਫੌਜ ਦੇ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਡੇਗਣਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ, ਪਾਕਿਸਤਾਨ ਤੋਂ ਡਰੋਨ ਆਉਂਦੇ ਰਹੇ।
ਫਿਰੋਜ਼ਪੁਰ ਦੇ ਪਿੰਡ ‘ਖਾਈ ਫੇਮੇ ਕੀ’ ਵਿੱਚ ਡਰੋਨ ਡਿੱਗਣ ਤੋਂ ਬਾਅਦ ਇੱਕ ਘਰ ਨੂੰ ਅੱਗ ਲੱਗ ਗਈ। ਇੱਥੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਲਗਭਗ ਲਗਾਤਾਰ 50 ਧਮਾਕੇ ਹੋਏ ਹਨ। ਇਹ ਧਮਾਕੇ ਡਰੋਨਾਂ ਨੂੰ ਡੇਗਣ ਦੇ ਹੋਏ। ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਦੁਆਰਾ ਇਨ੍ਹਾਂ ਨੂੰ ਡੇਗਿਆ ਗਿਆ।


ਗੁਰਦਾਸਪੁਰ ਦੇ ਕਰਤਾਰਪੁਰ ਲਾਂਘੇ ਤੋਂ 20 ਕਿਲੋਮੀਟਰ ਦੂਰ ਇੱਕ ਜ਼ੋਰਦਾਰ ਧਮਾਕਾ ਹੋਇਆ। ਗੁਰਦਾਸਪੁਰ ਦੇ ਟਿਬਰੀ ਛਾਉਣੀ ਏਰੀਏ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਹੋਏ। ਇਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ।
ਉੱਥੇ ਹੀ ਪਠਾਨਕੋਟ ਵਿੱਚ ਇੱਕ ਤੋਂ ਬਾਅਦ ਇੱਕ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਫਿਰ ਸਾਇਰਨ ਵੱਜਿਆ। ਭਾਰਤੀ ਸੈਨਾ ਵੱਲੋਂ ਹਵਾ ਵਿੱਚ ਹੀ ਇੱਕ ਡਰੋਨ ਤਬਾਹ ਕੀਤਾ ਗਿਆ। ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਆਰਮੀ ਕੈਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਾਜਿਲਕਾ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।
ਹਮਲੇ ਦੌਰਾਨ, ਪਠਾਨਕੋਟ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ।