ਦਾ ਐਡੀਟਰ ਨਿਊਜ਼, ਸ੍ਰੀ ਅਨੰਦਪੁਰ ਸਾਹਿਬ —– ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੱਖਣ ਏਸ਼ੀਆ ਵਿੱਚ ਬਣ ਰਹੇ ਮੌਜੂਦਾ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਅੱਜ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਬੇਨਤੀ ਕੀਤੀ ਕਿ ਦੱਖਣ ਏਸ਼ੀਆ ਦੇ ਖ਼ਿੱਤੇ ਵਿੱਚ ਸੁੱਖ ਸ਼ਾਂਤੀ ਕਾਇਮ ਰਹੇ ਅਤੇ ਜੋ ਜੰਗ ਵਰਗੇ ਹਾਲਾਤ ਬਣ ਰਹੇ ਹਨ ਉਹ ਟਲਣ ਤੇ ਜੰਗ ਨਾ ਲੱਗੇ। ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਗਈ ਕਿ ਉਹ ਰਹਿਮਤ ਕਰਦਿਆਂ ਸਮੁੱਚੇ ਸੰਸਾਰ ਦੇ ਅੰਦਰ ਵੱਸਣ ਵਾਲੀ ਮਨੁੱਖਤਾ ਤੇ ਜੀਵ ਜੰਤੂਆਂ ਦੀ ਰੱਖਿਆ ਅਤੇ ਕਲਿਆਣ ਕਰਨ। ਦੱਖਣੀ ਏਸ਼ੀਆ ਖ਼ਿੱਤੇ ਵਿੱਚ ਆਪਸੀ ਪ੍ਰੇਮ, ਪਿਆਰ, ਇਤਫ਼ਾਕ ਤੇ ਸੁੱਖ ਸ਼ਾਂਤੀ ਵਧੇ।