ਦਾ ਐਡੀਟਰ ਨਿਊਜ਼, ਚੰਡੀਗੜ੍ਹ ——- LOC ‘ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲ਼ੀਬਾਰੀ ਦੌਰਾਨ ਹੋਏ ਮੁਕਾਬਲੇ ਵਿਚ ਹਰਿਆਣਾ ਦੇ ਪਲਵਲ ਦਾ ਲਾਂਸ ਨਾਇਕ ਦਿਨੇਸ਼ ਕੁਮਾਰ ਸ਼ਹੀਦ ਹੋ ਗਿਆ। ਮੁਕਾਬਲੇ ਦੌਰਾਨ ਦਿਨੇਸ਼ ਦੇ ਸ਼ਹੀਦ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐੱਲ. ਓ. ਸੀ. ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਗੋਲ਼ੀਬਾਰੀ ਕਾਰਨ ਹਰਿਆਣਾ ਦੇ ਪਲਵਲ ਜ਼ਿਲ੍ਹੇ ਦਾ ਬਹਾਦਰ ਜਵਾਨ ਲਾਂਸ ਨਾਇਕ ਦਿਨੇਸ਼ ਕੁਮਾਰ ਦੇਸ਼ ਦੀ ਸੁਰੱਖਿਆ ਕਰਦਾ ਸ਼ਹੀਦ ਹੋ ਗਿਆ ਹੈ। ਬਹਾਦਰ ਜਵਾਨ ਦੀ ਬਹਾਦਰੀ ਅਤੇ ਜਜ਼ਬੇ ਨੂੰ ਦਿਲੋਂ ਸਲਾਮ ਅਤੇ ਪਰਿਵਾਰ ਨਾਲ ਹਮਦਰਦੀ।
ਜ਼ਿਕਰਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖ਼ਰ ‘ਤੇ ਹੈ। ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਮੰਗਲਵਾਰ-ਬੁੱਧਵਾਰ ਦੇਰ ਰਾਤ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਹਮਲੇ (ਆਪ੍ਰੇਸ਼ਨ ਸਿੰਦੂਰ) ਤੋਂ ਬਾਅਦ ਐੱਲ. ਓ. ਸੀ. ‘ਤੇ ਗੋਲ਼ੀਬਾਰੀ ਤੇਜ਼ ਹੋ ਗਈ। ਜਾਣਕਾਰੀ ਅਨੁਸਾਰ 7 ਮਈ ਨੂੰ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਗਈ ਭਾਰੀ ਗੋਲ਼ੀਬਾਰੀ ਵਿੱਚ ਇਕ ਭਾਰਤੀ ਸੈਨਿਕ ਸ਼ਹੀਦ ਹੋ ਗਿਆ ਸੀ। ਭਾਰਤੀ ਫ਼ੌਜ ਦੇ ਵ੍ਹਾਈਟ ਨਾਈਟ ਕੋਰ ਨੇ ਗੋਲ਼ੀਬਾਰੀ ਵਿੱਚ ਇਕ ਭਾਰਤੀ ਫ਼ੌਜ ਦੇ ਜਵਾਨ ਦਿਨੇਸ਼ ਕੁਮਾਰ ਦੀ ਸ਼ਹਾਦਤ ਦੀ ਪੁਸ਼ਟੀ ਕੀਤੀ ਹੈ।


ਦਿਨੇਸ਼ 5ਵੀਂ ਫੀਲਡ ਰੈਜੀਮੈਂਟ ਦਾ ਸਿਪਾਹੀ ਸੀ
ਭਾਰਤੀ ਫ਼ੌਜ ਦੀ ਵ੍ਹਾਈਟ ਨਾਈਟ ਕੋਰ ਯੂਨਿਟ ਨੇ ਲਿਖਿਆ ਕਿ 5 ਫੀਲਡ ਰੈਜੀਮੈਂਟ ਦੇ ਲਾਂਸ ਨਾਇਕ ਦਿਨੇਸ਼ ਕੁਮਾਰ ਨੇ 07 ਮਈ ਨੂੰ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਗਈ ਗੋਲ਼ੀਬਾਰੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ। ਜੀ. ਓ. ਸੀ. ਅਤੇ ਵ੍ਹਾਈਟ ਨਾਈਟ ਕੋਰ ਦੇ ਸਾਰੇ ਰੈਂਕ 5 ਐੱਫ਼. ਡੀ. ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਦਿਨੇਸ਼ ਕੁਮਾਰ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ। ਵ੍ਹਾਈਟ ਨਾਈਟ ਕੋਰ ਨੇ ਕਿਹਾ ਕਿ ਅਸੀਂ ਪੁੰਛ ਸੈਕਟਰ ਵਿੱਚ ਮਾਸੂਮ ਨਾਗਰਿਕਾਂ ‘ਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੇ ਸਾਰੇ ਪੀੜਤਾਂ ਨਾਲ ਏਕਤਾ ਵਿੱਚ ਖੜ੍ਹੇ ਹਾਂ।