ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਚੰਡੀਗੜ੍ਹ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਵਰਦੀ ਪਾ ਕੇ ਪਾਠ ਪੜ੍ਹਾਉਣਗੇ। ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਸ਼ਨੀਵਾਰ ਨੂੰ ਵਿਲੱਖਣ ਪਰੰਪਰਾ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਸਾਰੇ 115 ਸਰਕਾਰੀ ਸਕੂਲਾਂ ਦੇ ਅਧਿਆਪਕ ਵਰਦੀ ਪਾ ਕੇ ਸਕੂਲ ਆਉਣਗੇ। ਇਸ ਤਹਿਤ ਮਹਿਲਾ ਮੁਲਾਜ਼ਮ ਸਾੜੀ ਜਾਂ ਸਲਵਾਰ ਕਮੀਜ਼ ਪਹਿਨਣਗੇ ਜਦਕਿ ਪੁਰਸ਼ ਪੈਂਟ-ਕਮੀਜ਼ ਪਹਿਨਣਗੇ।
ਧਨਾਸ ਦੇ ਪੀ. ਐੱਮ. ਸਰਕਾਰੀ ਮਾਡਲ ਸੀਨੀਅਰ ਸਕੂਲ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ’ਚ ਅਧਿਆਪਕ ਵਰਦੀ ’ਚ ਨਜ਼ਰ ਆਉਣਗੇ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਵੀਂ ਵਰਦੀ ਲਾਂਚ ਕੀਤੀ ਗਈ। ਇਸ ਮੌਕੇ ਪ੍ਰਸ਼ਾਸਕ ਨੇ ਕਿਹਾ ਕਿ ਇਸ ਡਰੈੱਸ ਕੋਡ ਦਾ ਉਦੇਸ਼ ਪੇਸ਼ੇਵਰਤਾ ਨੂੰ ਵਧਾਉਣਾ ਅਤੇ ਪੜ੍ਹਾਈ ਲਈ ਵਧੇਰੇ ਅਨੁਕੂਲ ਮਾਹੌਲ ਬਣਾਉਣਾ ਹੈ।


ਇਹ ਸਤਿਕਾਰ, ਸਮਾਨਤਾ ਅਤੇ ਪੇਸ਼ੇਵਰਤਾ ਦਾ ਨਵਾਂ ਚਿੰਨ੍ਹ
ਲਾਗੂ ਡਰੈੱਸ ਕੋਡ ’ਚ ਮਹਿਲਾ ਅਧਿਆਪਕਾਂ ਲਈ ਦੋ ਅਤੇ ਪੁਰਸ਼ਾਂ ਲਈ ਸਿਰਫ਼ ਇਕ ਬਦਲ ਹੈ। ਸਾੜੀ ਤੋਂ ਇਲਾਵਾ ਮਹਿਲਾ ਅਧਿਆਪਕਾਂ ਡਿਜ਼ਾਈਨ ਕੀਤੀ ਸਲਵਾਰ ਕਮੀਜ਼ ਪਹਿਨ ਸਕਦੀਆਂ ਹਨ ਜਦਕਿ ਪੁਰਸ਼ ਅਧਿਆਪਕਾਂ ਨੂੰ ਪੈਂਟ-ਕਮੀਜ਼ ਪਾਉਣੀ ਪਵੇਗੀ। ਕਟਾਰੀਆ ਨੇ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਦਲਾਅ ਅਧਿਆਪਕਾਂ ’ਚ ਸਤਿਕਾਰ ਅਤੇ ਏਕਤਾ ਦੀ ਭਾਵਨਾ ਨੂੰ ਵਧਾਏਗਾ। ਸਮਾਨ ਪਹਿਰਾਵਾ ਕੋਡ ਨਾ ਸਿਰਫ਼ ਸਮਾਨਤਾ ਨੂੰ ਉਤਸ਼ਾਹਤ ਕਰਦਾ ਹੈ ਸਗੋਂ ਮਾਣ ਅਤੇ ਪੇਸ਼ੇਵਰਤਾ ਦੀ ਭਾਵਨਾ ਵੀ ਪੈਦਾ ਕਰਦਾ ਹੈ।
ਡਰੈੱਸ ਕੋਡ ਲਾਗੂ ਕਰਨ ਲਈ ਸਮਾਂ-ਸੀਮਾ ਨਿਰਧਾਰਤ
ਸਿੱਖਿਆ ਵਿਭਾਗ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ ’ਚ ਇਸ ਪਹਿਲ ਨੂੰ ਲਾਗੂ ਕਰੇਗਾ। ਅਧਿਆਪਕ ਨਿਰਧਾਰਤ ਸਮਾਂ ਸੀਮਾ ਅੰਦਰ ਸਾਰਿਆਂ ਲਈ ਡਰੈੱਸ ਕੋਡ ’ਚ ਡਿਜ਼ਾਈਨ ਕੀਤੇ ਕੱਪੜੇ ਪ੍ਰਾਪਤ ਕਰਨਗੇ। ਸਾਰੇ ਅਧਿਆਪਕਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਆਪਣੀਆਂ ਵਰਦੀਆਂ ਪਹਿਨਣੀਆਂ ਪੈਣਗੀਆਂ ਹਨ।