ਦਾ ਐਡੀਟਰ ਨਿਊਜ਼, ਸੁਲਤਾਨਪੁਰ ਲੋਧੀ —– ਸੁਲਤਾਨਪੁਰ ਲੋਧੀ ਇਲਾਕੇ ਦੇ ਨੌਜਵਾਨ ਦੀ ਅਮਰੀਕਾ ਵਿਚ ਸੜਕ ਹਾਦਸੇ ਵਿਚ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਮਿੰਦਰ ਸਿੰਘ (31) ਸਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਅਰਾਈਆਂ ਦਾ ਰਹਿਣ ਵਾਲਾ ਸੀ।
ਗੁਰਵਿੰਦਰ ਸਿੰਘ ਉਰਫ ਗੁਰਵਿੰਦਰ ਚੀਮਾ ਸੁਨਹਿਰੀ ਭਵਿੱਖ ਦੀ ਭਾਲ ਚ ਅਤੇ ਰੁਜ਼ਗਾਰ ਲਈ 2018 ਵਿੱਚ ਵਿਦੇਸ਼ ਗਿਆ ਸੀ ਪਰ ਅਚਾਨਕ ਉਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਪਿੰਡ ‘ਚ ਮਾਤਮ ਛਾ ਗਿਆ। ਮ੍ਰਿਤਕ ਨੌਜਵਾਨ ਅਜੇ ਕੁਵਾਰਾ ਸੀ ਅਤੇ ਪਰਿਵਾਰ ਉਮਰ ਅਨੁਸਾਰ ਉਸਦੇ ਵਿਆਹ ਕਰਨ ਬਾਰੇ ਸੋਚ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸ ਨੂੰ ਪਤਾ ਸੀ ਕਿ ਜਿਸ ਉਮਰੇ ਸ਼ਹਿਨਾਈਆਂ ਵੱਜਣੀਆਂ ਸਨ ਉਸ ਉਮਰੇ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਘਰ ਵਿੱਚ ਸੱਥਰ ਵਿੱਛ ਜਾਵੇਗਾ।


ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਦੇ ਰੀਡਲੇ ਸ਼ਹਿਰ ਸ਼ਾਮ ਸਮੇਂ ਸੈਰ ਕਰ ਰਿਹਾ ਸੀ, ਇਸ ਦੌਰਾਨ ਪਿੱਛੋਂ ਆ ਰਹੀਆਂ ਦੋ ਗੱਡੀਆਂ ਵੱਲੋਂ ਲਾਪਰਵਾਹੀ ਕਰਦਿਆਂ ਉਸਨੂੰ ਦਰੜ ਦਿੱਤਾ ਗਿਆ। ਜਿਸ ਕਾਰਨ ਗੁਰਮਿੰਦਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਹਾਲਾਂਕਿ ਐਬੂਲੈਂਸ ਦੀ ਮਦਦ ਦੇ ਨਾਲ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰੰਤੂ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮੌਕੇ ਤੇ ਇਲਾਕੇ ਦੀਆਂ ਮੁੱਖ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।