ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਵਿਧਾਨ ਸਭਾ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਖ਼ੂਬ ਹੰਗਾਮਾ ਕੀਤਾ ਗਿਆ। ਦਰਅਸਲ ਸੀਚੇਵਾਲ ਮਾਡਲ ‘ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਿਆ, ਜਿਸ ਤੋਂ ਬਾਅਦ ਖ਼ੂਬ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਬਲਬੀਰ ਸਿੰਘ ਸੀਚੇਵਾਲ ਨੂੰ ਲੈ ਕੇ ਬਾਜਵਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ‘ਆਪ’ ਆਗੂਆਂ ਵੱਲੋਂ ਬਾਜਵਾ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਗਿਆ। ਉਥੇ ਹੀ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਉਹ ਆਪਣੇ ਬਿਆਨ ‘ਤੇ ਅੱਜ ਵੀ ਕਾਇਮ ਹਨ। ਬਾਜਵਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਾਰਾ ਸੈਸ਼ਨ ਹੀ ਸੀਚੇਵਾਲ ‘ਤੇ ਬਣਾ ਦਿੱਤਾ ਹੈ। ਉਨ੍ਹਾਂ ਇਹ ਕਿ ਕਿਹਾ ਕਿ ਹਰ ਪਾਸੇ ਸੀਚੇਵਾਲ-ਸੀਚੇਵਾਲ ਹੋਈ ਪਈ ਹੈ।
ਦਰਅਸਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰਤਾਪ ਬਾਜਵਾ ਨੂੰ ਘੇਰਦਿਆਂ ਕਿਹਾ ਕਿ ਬੀਤੇ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਬਾਰੇ ਜਿਸ ਤਰੀਕੇ ਨਾਲ ਟਿੱਪਣੀ ਕੀਤੀ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਥੇ ਹੀ ਪ੍ਰਤਾਪ ਸਿੰਘ ਬਾਜਵਾ ਖੜ੍ਹੇ ਹੋ ਕੇ ਬੋਲੇ ਕਿ ਸੰਤ ਸੀਚੇਵਾਲ ਇਕ ਸਿਆਸੀ ਲੀਡਰ ਹਨ। ਜਿਹੜੀ ਤਕਨੀਕੀ ਤੌਰ ‘ਤੇ ਮੈਂ ਗੱਲ ਕਹੀ ਸੀ ਕਿ ਉਹ ਉਨ੍ਹਾਂ ਦੀ ਜਾਤੀ ਦੇ ਖ਼ਿਲਾਫ਼ ਨਹੀਂ ਹੈ। ਉਹ ਕੋਈ ਇੰਜੀਨੀਅਰ ਨਹੀਂ ਹਨ। ਮੈਂ ਸਿਰਫ਼ ਇਕ ਸੁਝਾਅ ਦਿੱਤਾ ਸੀ ਕਿ ਸਲਾਹ ਕਿਸੇ ਇੰਜੀਨੀਅਰ ਕੋਲੋਂ ਲਈ ਜਾਵੇ। ਉਨ੍ਹਾਂ ਕਿਹਾ ਕਿ ਸਾਰਾ ਸੈਸ਼ਨ ਹੀ ਸੀਚੇਵਾਲ ‘ਤੇ ਲੈ ਆਂਦਾ ਹੈ।


ਉਥੇ ਹੀ ਮੰਤਰੀ ਗੋਇਲ ਨੇ ਕਿਹਾ ਕਿ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਹ ਕਹਿ ਰਹੇ ਹਨ ਕਿ ਸੰਤ ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹਨ, ਇਨ੍ਹਾਂ ਦੀ ਸਰਕਾਰ ਨੇ ਹੀ 29 ਦਸੰਬਰ 2012 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪਾਲਿਊਸ਼ਨ ਕੰਟਰੋਲ ਬੋਰਡ ਦਾ ਮੈਂਬਰ ਬਣਾਇਆ ਸੀ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਨ੍ਹਾਂ ਦੀ ਕੋਈ ਕੁਆਲਿਟੀ ਨਹੀਂ ਸੀ ਤਾਂ ਉਨ੍ਹਾਂ ਨੂੰ ਮੈਂਬਰ ਕਿਉਂ ਲਾਇਆ? ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਦੀ ਵਾਤਾਵਰਣ ਪ੍ਰਤੀ ਸੋਚ ਨੂੰ ਸਾਰਾ ਪੰਜਾਬ ਅਤੇ ਪਾਰਟੀਆਂ ਮੰਨਦੀਆਂ ਹਨ। ਉਥੇ ਹੀ ਅਮਨ ਅਰੋੜਾ ਨੇ ਵੀ ਆਪਣਾ ਪੱਖ ਰੱਖਿਆ ਅਤੇ ਇਸ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ। ਇਸ ਦੇ ਬਾਅਦ ਹਰਜੋਤ ਸਿੰਘ ਬੈਂਸ ਨਾਲ ਵੀ ਬਹਿਸਬਾਜ਼ੀ ਹੋਈ ਅਤੇ ਸੀਚੇਵਾਲ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਲੈ ਕੇ ਬਾਜਵਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ ਗਿਆ।