ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਕਰਨ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਔਰਤਾਂ ਨੂੰ 1100-1100 ਰੁਪਏ ਦੇਣ ਬਾਰੇ ਹਰਪਾਲ ਚੀਮਾ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਤੋਂ ਸਰਵੇ ਕਰਵਾ ਰਹੇ ਹਨ ਅਤੇ ਵਿਚਾਰ-ਚਰਚਾ ਜਾਰੀ ਹੈ। ਜਲਦੀ ਹੀ ਪੰਜਾਬ ਦੀਆਂ ਔਰਤਾਂ ਨੂੰ ਇਹ ਪੈਸੇ ਦੇ ਦਿੱਤੇ ਜਾਣਗੇ। ਵਿਰੋਧੀਆਂ ‘ਤੇ ਤੰਜ ਕੱਸਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਸਾਲ 2022 ਤੋਂ ਬਾਅਦ ਪਹਿਲੀ ਵਾਰ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ।
ਇਸ ਮੌਕੇ ਵਿਰੋਧੀਆਂ ਦੀ ਕਲਾਸ ਲਾਉਂਦਿਆਂ ਹਰਪਾਲ ਚੀਮਾ ਨੇ ਕਿਹਾ ਕਿ 2002 ਤੋਂ ਲੈ ਕੇ 2022 ਤੱਕ 2 ਵਾਰ ਕਾਂਗਰਸ ਅਤੇ 2 ਵਾਰ ਅਕਾਲੀ-ਭਾਜਪਾ ਦੀ ਸਰਕਾਰ ਰਹੀ। ਇਨ੍ਹਾਂ 2 ਦਹਾਕਿਆਂ ਦੇ ਸਮੇਂ ਦੌਰਾਨ ਨਾ ਪੰਜਾਬ ਦੇ ਨੌਜਵਾਨਾਂ ਅਤੇ ਨਾ ਕਿਸਾਨਾਂ ਲਈ ਕੋਈ ਰੋਡਮੈਪ ਸੀ, ਸਗੋਂ ਪੰਜਾਬ ਨੂੰ ਬਰਬਾਦ ਕਰਨ ਲਈ ਨਵੀਆਂ-ਨਵੀਆਂ ਸਕੀਮਾਂ ਦੀ ਸ਼ੁਰੂਆਤ ਇਨ੍ਹਾਂ ਦੋਹਾਂ ਸਰਕਾਰਾਂ ਦੇ ਸਮੇਂ ਹੋਈ। ਪੰਜਾਬ ਅੰਦਰ ਚਿੱਟੇ ਦਾ ਪਰਵੇਸ਼ ਨਾਲ ਪੰਜਾਬ ਦੀ ਜਵਾਨੀ ਨੂੰ ਮਾਰਨ ਲਈ ਇਕ ਬਹੁਤ ਵੱਡੀ ਸਾਜ਼ਿਸ਼ ਅਕਾਲੀ-ਭਾਜਪਾ ਸਰਕਾਰ ਨੇ ਘੜ੍ਹੀ।


ਉਨ੍ਹਾਂ ਕਿਹਾ ਕਿ ਪੰਜਾਬੀ ਇਸ ਗੱਲ ਦੇ ਗਵਾਹ ਹਨ ਕਿ ਪਹਿਲੀ ਵਾਰ ‘ਚਿੱਟਾ’ ਨਾਂ ਦਾ ਸ਼ਬਦ ਅਕਾਲੀ-ਭਾਜਪਾ ਦੀ ਸਰਕਾਰ ‘ਚ ਮਿਲਿਆ। ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਸੁਣਿਆ ਕਿ ਚਿੱਟਾ ਨਾਂ ਦਾ ਕੋਈ ਨਸ਼ਾ ਪੰਜਾਬ ‘ਚ ਆਇਆ ਹੈ। ਨਸ਼ੇ ਦੇ ਕਾਰੋਬਾਰ ਨੂੰ ਪੰਜਾਬ ਦੀ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਕਾਲੀ-ਭਾਜਪਾ ਦੀ ਸਰਕਾਰ ਨੇ ਲਈ।