ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——– ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਬਰੀ ਸੇਵਾ-ਮੁਕਤ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਆਪਹੁਦਰੇ ਅਤੇ ਗੈਰ-ਸਿਧਾਂਤਿਕ ਫ਼ੈਸਲੇ ਦਾ ਦਲ ਖ਼ਾਲਸਾ ਨੇ ਸਖ਼ਤ ਨੋਟਿਸ ਲੈਂਦਿਆਂ ਬਾਦਲ ਦਲ ਦੇ ਲੀਡਰਾਂ ਨੂੰ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ ਕਰਾਰ ਦਿੱਤਾ ਹੈ।
ਦਲ ਖ਼ਾਲਸਾ ਨੇ ਬਾਦਲ ਦਲ ਵਿਰੁੱਧ ਧਰਮ ਯੁੱਧ ਲੜਨ ਅਤੇ ਇਨ੍ਹਾਂ ਦਾ ਪੰਥਕ ਪਿੜ ਵਿਚੋਂ ਮੁਕੰਮਲ ਸਫ਼ਾਇਆ ਕਰਨ ਦਾ ਸੱਦਾ ਦਿੱਤਾ ਹੈ। ਦਲ ਖ਼ਾਲਸਾ ਦਾ ਮੰਨਣਾ ਅਤੇ ਕਹਿਣਾ ਹੈ ਕਿ ਜਦੋਂ ਤੱਕ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰਨ ਦਾ ਕੋਈ ਵਿਧੀ-ਵਿਧਾਨ ਅਤੇ ਪ੍ਰਬੰਧ ਹੋਂਦ ਵਿਚ ਨਹੀਂ ਆਉਂਦਾ, ਉਦੋਂ ਤੱਕ ਸਿੱਖ ਪੰਥ ਨੂੰ ਸ਼ਰਮਸਾਰ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਮੁੜ-ਮੁੜ ਸਾਹਮਣੇ ਆਉਂਦੀਆਂ ਰਹਿਣਗੀਆਂ ।


ਪਾਰਟੀ ਦਫ਼ਤਰ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ 7 ਮਾਰਚ ਦੇ ਫ਼ੈਸਲੇ ਨੂੰ ਸਿੱਖ ਇਤਿਹਾਸ ਵਿਚ ਕਾਲਾ ਚੈਪਟਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਤਿੰਨਾਂ ਤਖ਼ਤਾਂ ਦੇ ਜਥੇਦਾਰ 2 ਦਸੰਬਰ ਦੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਹੋਏ ਫ਼ੈਸਲਿਆਂ ਦੀ ਬਲੀ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਬਦਲੇ ਦੀ ਭਾਵਨਾ ਤਹਿਤ ਸ਼੍ਰੋਮਣੀ ਕਮੇਟੀ ਤੋਂ ਇਕ ਹੋਰ ਗੁਨਾਹ ਕਰਵਾਇਆ ਹੈ। ਸੁਖਬੀਰ ਨੇ ਪਿਛਲੇ ਗੁਨਾਹਾਂ ਦੀ ਸਜ਼ਾ ਤਾਂ ਭੁਗਤ ਲਈ ਪਰ ਅਗਲੇ ਗੁਨਾਹ ਕਰਨ ਦੇ ਰਾਹ ਤੁਰ ਪਿਆ ਹੈ ਪਰ ਪੰਥ ਬਾਦਲਕਿਆਂ ਦੇ ਇਨ੍ਹਾਂ ਗੁਨਾਹਾਂ ਨੂੰ ਨਹੀਂ ਬਖ਼ਸ਼ੇਗਾ। ਦਲ ਖ਼ਾਲਸਾ ਨੇ ਕਿਹਾ ਕਿ ਇਕ ਮਹੀਨੇ ਦੇ ਸਮੇਂ ਅੰਦਰ ਜਿਸ ਤਾਨਾਸ਼ਾਹ ਢੰਗ ਨਾਲ ਸੁਖਬੀਰ ਬਾਦਲ ਨੂੰ ਤਨਖ਼ਾਹ ਲਾਉਣ ਵਾਲੇ ਤਿੰਨ ਜਥੇਦਾਰਾਂ ਨੂੰ ਹਟਾਇਆ ਗਿਆ ਹੈ, ਇਹ ਸਿੱਧ ਕਰਦਾ ਹੈ ਕਿ ਸੁਖਬੀਰ ਬਾਦਲ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਰਿਮੋਟ ਕੰਟਰੋਲ ਨਾਲ ਚਲਾ ਰਿਹਾ ਹੈ।
ਦਲ ਖ਼ਾਲਸਾ ਵੱਲੋਂ ਹੋਲੇ-ਮਹੱਲੇ ਮੌਕੇ ਦਿੱਲੀ ਫਤਹਿ ਦਿਵਸ ਨੂੰ ਸਮਰਪਿਤ 13 ਮਾਰਚ ਨੂੰ ਹੁਸ਼ਿਆਰਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ‘ਕੇਸਗੜ੍ਹ ਦੀ ਲਲਕਾਰ’ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਮਾਰਚ ਦਾ ਉਦੇਸ਼ ਸਿੱਖਾਂ ਦੇ ਜੁਝਾਰੂ ਜਜ਼ਬਿਆਂ ਅਤੇ ਵਿਲੱਖਣਤਾ ਦੀ ਤਰਜਮਾਨੀ ਕਰਨਾ, ਸਿੱਖ ਰਾਸ਼ਟਰ ਦੇ ਸੰਕਲਪ ਅਤੇ ਕੌਮੀਅਤ ਦੇ ਸਿਧਾਂਤ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਣਾ ਹੈ।