ਦਾ ਐਡੀਟਰ ਨਿਊਜ਼, ਜਲੰਧਰ ——– ਜਲੰਧਰ ਵਿਚ ਦਿਨ ਚੜ੍ਹਦਿਆਂ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਤਿਲਕ ਨਗਰ ਨੇੜੇ ਨਾਖਾਂ ਵਾਲੇ ਬਾਗ ਕੋਲ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਹੋ ਗਈ। ਜਿਸ ਤੋਂ ਬਾਅਦ ਇਸ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 2 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਪਾਸੋਂ 4 ਗੈਰ-ਕਾਨੂੰਨੀ ਹਥਿਆਰ, ਜਿੰਦਾ ਕਾਰਤੂਸਾਂ ਦਾ ਵੱਡਾ ਜ਼ਖੀਰਾ ਅਤੇ ਇਕ ਕਾਰ ਬਰਾਮਦ ਕੀਤੀ ਗਈ, ਜਿਸ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੇ ਵਪਾਰ ਅਤੇ ਜਬਰੀ ਵਸੂਲੀ ਦੇ ਰੈਕੇਟ ਵਿਚ ਸ਼ਾਮਲ ਗਰੋਹ ਦੇ ਅਪਰਾਧਿਕ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਰਾਜ ਭਰ ਵਿਚ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਅਤੇ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਵਿਚ ਦ੍ਰਿੜ ਹੈ।
ਜਲੰਧਰ ਵਿਚ ਹੋਏ ਐਨਕਾਊਂਟਰ ਸੰਬੰਧੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਸ ਨੇ ਇਕ ਮੁਕਾਬਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਗੋਲਡੀ ਬਰਾੜ ਦੇ ਸੰਪਰਕ ਵਿਚ ਸਨ। ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ’ਤੇ, ਉਨ੍ਹਾਂ ਦੀ ਟੀਮ ਨੇ ਦੋਸ਼ੀ ਦਾ 4 ਕਿਲੋਮੀਟਰ ਤੱਕ ਪਿੱਛਾ ਕੀਤਾ। ਇਕ ਮੁਲਜ਼ਮ ਕਪੂਰਥਲਾ ਦਾ ਰਹਿਣ ਵਾਲਾ ਹੈ ਅਤੇ ਦੂਜਾ ਜੰਡਿਆਲਾ ਦਾ ਰਹਿਣ ਵਾਲਾ ਹੈ।
ਮੁਲਜ਼ਮਾਂ ਖਿਲਾਫ਼ ਕਤਲ ਅਤੇ ਹੋਰ ਮਾਮਲਿਆਂ ਵਿਚ 6 ਤੋਂ ਵੱਧ ਮਾਮਲੇ ਦਰਜ ਹਨ। ਗੋਲਡੀ ਬਰਾੜ ਨਾਲ ਸਿੱਧਾ ਸੰਪਰਕ ਹੋਣ ਕਰਕੇ ਮੁਲਜ਼ਮ ਫਿਰੌਤੀ ਮੰਗਦੇ ਸਨ। ਇਕ ਦੋਸ਼ੀ 10 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਦੂਜਾ 6 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਲੋਂ 5 ਤੋਂ 6 ਗੋਲੀਆਂ ਚਲਾਈਆਂ ਗਈਆਂ ਜਦੋਂ ਕਿ ਪੁਲਿਸ ਵਲੋਂ 7 ਤੋਂ 8 ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਇਕ ਹੋਰ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।