ਦਾ ਐਡੀਟਰ ਨਿਊਜ਼, ਪਟਿਆਲਾ —- ਪੰਜਾਬ ਵਿਚ ਹੋਈਆਂ ਨਗਰ-ਨਿਗਮ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਟਿਆਲਾ ਵਿਚ ਆਪਣਾ ਪਹਿਲਾ ਮੇਅਰ ਬਣਾ ਦਿੱਤਾ ਹੈ। ਪਟਿਆਲਾ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਹੋਰ ਆਗੂਆਂ ਦੀ ਮੌਜੂਦਗੀ ਵਿਚ ਕੁੰਦਨ ਗੋਗੀਆ ਨੂੰ ਸਰਬ ਸੰਮਤੀ ਨਾਲ ਪਟਿਆਲਾ ਦਾ ਮੇਅਰ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਹਰਿੰਦਰ ਕੋਹਲੀ ਅਤੇ ਜਗਦੀਪ ਜੱਗਾ ਡਿਪਟੀ ਮੇਅਰ ਚੁਣਿਆ ਗਿਆ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ ਕਰਕੇ ਸੱਤਾ ਵਿਚ ਆਏ ਹਾਂ। ਉਮੀਦ ਹੈ ਕਿ ਇਨ੍ਹਾਂ ਨੀਤੀਆਂ ਨੂੰ ਗੋਗੀਆ ਅੱਗੇ ਲੈ ਕੇ ਜਾਣਗੇ ਅਤੇ ਪਟਿਆਲਾ ਵਿਚ ਬੇਮਿਸਾਲ ਵਿਕਾਸ ਕਰਨਗੇ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਵੀ ਪੱਖਪਾਤ ਦੀ ਰਾਜਨੀਤੀ ਨਹੀਂ ਕਰਦੀ ਭਾਵੇਂ ਆਮ ਆਦਮੀ ਪਾਰਟੀ ਦਾ ਕੌਂਸਲਰ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਉਸ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਪਟਿਆਲਾ ਦੀ ਇਕ-ਇਕ ਗਲੀ ਦੇ ਵਿਕਾਸ ਲਈ ਕਮੀ ਨਹੀਂ ਛੱਡੀ ਜਾਵੇਗੀ।
ਅਰੋੜਾ ਨੇ ਕਿਹਾ ਕਿ ਕੱਲ੍ਹ ਪੰਜਾਬ ਦੇ ਅੱਠ ਸ਼ਹਿਰਾਂ ਵਿਚ ਹੋਈਆਂ ਚੋਣਾਂ ਵਿਚ ਸਾਰੀਆਂ ਥਾਵਾਂ ‘ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਚੀਮਾ, ਘਨੌਰ, ਸਨੌਰ, ਦੇਵੀਗੜ੍ਹ, ਘੱਗਾ, ਨਰੋਟ ਜੈਮਲ ਸਿੰਘ, ਮੱਖੂ, ਮੱਲਣ ਵਾਲਾ 8 ਮਿਊਂਸੀਪਲ ਅਤੇ ਨਗਰ ਪੰਚਾਇਤਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਹਿਰਾਂ ਵਿਚ ਆਮ ਆਦਮੀ ਪਾਰਟੀ ਨੂੰ ਸੇਵਾ ਸੌਂਪੀ ਗਈ ਹੈ, ਆਉਣ ਵਾਲੇ ਦੋ ਸਾਲਾਂ ਦੌਰਾਨ ਉਨ੍ਹਾਂ ਸ਼ਹਿਰਾਂ ਦੀ ਬੇਮਿਸਾਲ ਕਾਇਆ ਕਲਪ ਕੀਤੀ ਜਾਵੇਗੀ।