ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਪੰਜਾਬ ਬੰਦ ਹੈ। ਕਿਸਾਨਾਂ ਨੇ ਸਵੇਰੇ 7 ਵਜੇ ਹਾਈਵੇਅ ਬੰਦ ਕਰ ਦਿੱਤੇ। ਕਿਸਾਨ ਅੰਮ੍ਰਿਤਸਰ-ਦਿੱਲੀ ਅਤੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਜਾਮ ਲਗਾ ਕੇ ਬੈਠੇ ਹਨ।
ਇਸ ਦੇ ਨਾਲ ਹੀ 10 ਵਜੇ ਤੋਂ ਬੱਸਾਂ ਵੀ ਰੁਕ ਜਾਣਗੀਆਂ। ਬੰਦ ਨੂੰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਮੁਲਾਜ਼ਮਾਂ, ਵਪਾਰੀਆਂ ਤੇ ਸਮੂਹਾਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਸੂਬੇ ‘ਚ 52 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 22 ਦੇ ਰੂਟ ਬਦਲੇ ਗਏ ਹਨ। ਇਸ ਦੌਰਾਨ ਬਾਜ਼ਾਰ ਅਤੇ ਅਦਾਰੇ ਵੀ ਬੰਦ ਰਹਿਣਗੇ।
ਹਾਲਾਂਕਿ, ਐਮਰਜੈਂਸੀ ਸੇਵਾਵਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਜੇਕਰ ਕਿਸੇ ਦਾ ਕੋਈ ਇਮਤਿਹਾਨ, ਇੰਟਰਵਿਊ ਆਦਿ ਹੈ ਤਾਂ ਉਸ ਨੂੰ ਵੀ ਨਹੀਂ ਰੋਕਿਆ ਜਾਵੇਗਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਸਾਰੀਆਂ ਯੂਨੀਵਰਸਿਟੀਆਂ ਨੇ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਕਿਸਾਨ ਆਗੂਆਂ ਨੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੀ ਅਲਰਟ ਮੋਡ ‘ਤੇ ਹੈ।