ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਹੋਣ ਵਾਲੀ ਪਰੇਡ ‘ਚ ਪੰਜਾਬ ਦੀ ਝਾਕੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਵਾਰ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਕੀ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਸ ਵਾਰ ਦਿੱਲੀ ਵਿਚ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿਚ ਪੰਜਾਬ ਦੀ ਝਾਕੀ ਨਜ਼ਰ ਆਵੇਗੀ। ਝਾਕੀ ਵਿਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਵਿਖਾਏ ਜਾਣਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀ ਵਾਰ ਪੰਜਾਬ ਦੀ ਝਾਕੀ ਸਿਲੈਕਟ ਨਾ ਹੋਣ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਉਥੇ ਹੀ ਹਰਿਆਣਾ ਅਤੇ ਚੰਡੀਗੜ੍ਹ ਦੀ ਝਾਕੀ ਵੀ ਚੁਣੀ ਗਈ ਹੈ ਜਦਕਿ ਇਸ ਵਾਰ ਦਿੱਲੀ ਦੀ ਝਾਕੀ ਰਿਜੈਕਟ ਕਰ ਦਿੱਤੀ ਗਈ ਹੈ। ਹਰ ਸਾਲ 15 ਸੂਬਿਆਂ ਦੀਆਂ ਝਾਕੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਉਥੇ ਹੀ ਦਿੱਲੀ ਦੀ ਝਾਕੀ ਨਾ ਸਿਲੈਕਟ ਹੋਣ ‘ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਦਿੱਲੀ ਦੇ ਲੋਕਾਂ ਤੋਂ ਪਤਾ ਨਹੀਂ ਇੰਨੀ ਨਫ਼ਰਤ ਕਿਉਂ ਹੈ ? ਦਿੱਲੀ ਦੇ ਲੋਕ ਇਨ੍ਹਾਂ ਨੂੰ ਵੋਟ ਕਿਉਂ ਦੇਣ ? ਉਥੇ ਹੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਦਿੱਲੀ ਤਾਂ ਦੇਸ਼ ਦੀ ਰਾਜਧਾਨੀ ਹੈ ਅਤੇ ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਹਰ ਸਾਲ ਦਿੱਲੀ ਦੀ ਝਾਕੀ ਪਰੇਡ ਵਿਚ ਸ਼ਾਮਲ ਹੋਣੀ ਚਾਹੀਦੀ ਹੈ।