ਦਾ ਐਡੀਟਰ ਨਿਊਜ਼, ਨਵੀਂ ਦਿੱਲੀ ——– ਜਰਮਨੀ ਦੇ ਮੈਗਡੇਬਰਗ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਕ੍ਰਿਸਮਿਸ ਮਾਰਕੀਟ ਵਿਚ ਇਕ ਵਿਅਕਤੀ ਨੇ ਆਪਣੀ ਕਾਰ ਵਾੜ ਦਿੱਤੀ ਅਤੇ ਉਥੇ ਖਰੀਦਦਾਰੀ ਕਰ ਰਹੇ ਦਰਜਨਾਂ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 80 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਸ ਦਾ ਮੰਨਨਾ ਹੈ ਕਿ ਇਹ ਸੰਭਾਵੀ ਅੱਤਵਾਦੀ ਹਮਲਾ ਹੋ ਸਕਦਾ ਹੈ ਪਰ ਬਿਨ੍ਹਾਂ ਜਾਂਚ ਦੇ ਕਿਸੇ ਨਤੀਜੇ ‘ਤੇ ਨਹੀਂ ਪਹੁੰਚਿਆ ਜਾ ਸਕਦਾ।
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਰਮਨੀ ਦੇ ਮੈਗਡੇਬਰਗ ‘ਚ ਕ੍ਰਿਸਮਸ ਮਾਰਕਿਟ ‘ਚ ਇਕ ਕਾਰ ਨੇ ਲੋਕਾਂ ਦੀ ਭੀੜ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਭੱਜ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ ਅਤੇ ਬਾਜ਼ਾਰ ਬੰਦ ਕਰ ਦਿੱਤਾ ਗਿਆ।
ਹਾਦਸੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਨਾਂ ਤਾਲੇਬ ਦੱਸਿਆ ਜਾ ਰਿਹਾ ਹੈ, ਜੋ ਸਾਊਦੀ ਨਾਗਰਿਕ ਹੈ। ਉਸ ਦੀ ਉਮਰ 50 ਸਾਲ ਹੈ। ਉਹ ਮੈਗਡੇਬਰਗ ਤੋਂ ਲਗਭਗ 40 ਕਿਲੋਮੀਟਰ ਦੱਖਣ ਵਿੱਚ ਬਰਨਬਰਗ ਵਿੱਚ ਇੱਕ ਡਾਕਟਰ ਹੈ। ਮੁਲਜ਼ਮ 2006 ਵਿੱਚ ਸਾਊਦੀ ਅਰਬ ਤੋਂ ਜਰਮਨੀ ਆਇਆ ਸੀ ਅਤੇ 2016 ਵਿੱਚ ਉਸਨੇ ਸ਼ਰਨਾਰਥੀ ਦਾ ਦਰਜਾ ਪ੍ਰਾਪਤ ਕੀਤਾ ਸੀ। ਮੁਲਜ਼ਮ ਰਾਜ ਸੈਕਸਨੀ-ਐਨਹਾਲਟ ਦਾ ਵਸਨੀਕ ਹੈ, ਜਿਸ ਕਾਰ ਵਿੱਚ ਇਹ ਘਟਨਾ ਵਾਪਰੀ ਉਹ ਮਿਊਨਿਖ ਲਾਇਸੈਂਸ ਪਲੇਟ ਵਾਲੀ ਕਿਰਾਏ ਦੀ ਕਾਰ ਸੀ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੋਵੇਗਾ।