ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਫ਼ਿਰੋਜ਼ਪੁਰ ਦਿਹਾਤੀ ਸੀਟ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਸਦੇ ਭਤੀਜੇ ਜਸਕੀਰਤ ਸਿੰਘ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਏਐਨਟੀਐਫ ਦੇ ਐਸਪੀ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਕੇਸ ਵਿੱਚ 25 ਗਵਾਹ ਬਣਾਏ ਗਏ ਹਨ। 16 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸਤਕਾਰ ਕੌਰ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ‘ਤੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਤਹਿਤ ਦੋਸ਼ ਲਾਏ ਗਏ ਹਨ।
ਇੱਕ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਨਸ਼ੇ ਦਾ ਆਦੀ ਸੀ। ਇੱਕ ਔਰਤ ਉਸਨੂੰ ਨਸ਼ਾ ਵੇਚਣ ਲਈ ਮਜ਼ਬੂਰ ਕਰ ਰਹੀ ਹੈ। ਉਸਨੇ ਪੁਲਿਸ ਨੂੰ ਕੁਝ ਕਾਲ ਰਿਕਾਰਡਿੰਗ ਵੀ ਦਿੱਤੀ। ਜਿਸ ਵਿੱਚ ਨਸ਼ੇ ਦੇ ਸੌਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਤੋਂ ਬਾਅਦ 2 ਮੋਬਾਈਲ ਨੰਬਰਾਂ ਨੂੰ ਨਿਗਰਾਨੀ ‘ਤੇ ਰੱਖਿਆ ਗਿਆ। ਇਸ ‘ਚ ਦੋ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਾਹਕ ਬਣ ਕੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਲੈ ਸਕਦਾ ਹੈ। ਉਨ੍ਹਾਂ ਸਾਬਕਾ ਵਿਧਾਇਕ ਨਾਲ ਸਮਝੌਤਾ ਤੈਅ ਕਰ ਲਿਆ। ਇਸ ਸਬੰਧੀ ਪੁਲੀਸ ਨੇ ਜਾਲ ਵਿਛਾ ਦਿੱਤਾ।
ਕਰੀਬ ਦੋ ਮਹੀਨੇ ਬਾਅਦ ਜਦੋਂ ਸਤਕਾਰ ਕੌਰ ਸ਼ਾਮ ਨੂੰ ਡਰਾਈਵਰ ਨਾਲ ਖਰੜ ਦੇ ਬੂਥਵਾਲਾ ਚੌਂਕ ਕੋਲ ਨਸ਼ਾ ਸਪਲਾਈ ਕਰਨ ਆਈ ਤਾਂ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਸਤਕਾਰ ਕੌਰ ਦੇ ਡਰਾਈਵਰ ਨੇ ਪੁਲੀਸ ਮੁਲਾਜ਼ਮ ਦੇ ਪੈਰਾਂ ’ਤੇ ਕਾਰ ਚੜ੍ਹਾ ਦਿੱਤੀ। ਹਾਲਾਂਕਿ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ ਗਿਆ।
ਸਾਬਕਾ ਵਿਧਾਇਕ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਖਰੜ ਦੇ ਸੰਨੀ ਐਨਕਲੇਵ ਸਥਿਤ ਉਸਦੇ ਘਰ ਦੀ ਤਲਾਸ਼ੀ ਲਈ। ਉਥੋਂ 28 ਗ੍ਰਾਮ ਚੂਰਾ ਪੋਸਤ ਅਤੇ ਇੱਕ ਲੱਖ 56 ਹਜ਼ਾਰ ਦੀ ਨਕਦੀ ਬਰਾਮਦ ਹੋਈ। ਇਹ ਪੈਸੇ ਛੋਟੇ ਪੈਕਟਾਂ ਵਿੱਚ ਰੱਖੇ ਹੋਏ ਸਨ। ਕੁਝ ਸੋਨਾ ਵੀ ਬਰਾਮਦ ਹੋਇਆ ਹੈ। ਹਾਲਾਂਕਿ ਜਦੋਂ ਵਿਧਾਇਕ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਫਸਾਇਆ ਗਿਆ ਹੈ। ਪੁਲੀਸ ਵੱਲੋਂ ਉਸ ਖ਼ਿਲਾਫ਼ ਝੂਠੀ ਕਹਾਣੀ ਘੜੀ ਗਈ ਹੈ।
ਸਤਕਾਰ ਕੌਰ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਕਰੀਬ ਦੋ ਸਾਲ ਪਹਿਲਾਂ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਤਕਾਰ ਕੌਰ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਨੇ ਸਾਬਕਾ ਵਿਧਾਇਕ ਤੋਂ 5 ਘੰਟੇ ਤੱਕ ਪੁੱਛਗਿੱਛ ਵੀ ਕੀਤੀ ਸੀ।