– ਕਿਸਾਨ ਆਗੂ ਨੇ ਸੁਪਰੀਮ ਕੋਰਟ ਨੂੰ ਲਿਖਿਆ ਪੱਤਰ
ਦਾ ਐਡੀਟਰ ਨਿਊਜ਼, ਸ਼ੰਭੂ ਬਾਰਡਰ —— ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਪਿਛਲੇ 25 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ 20 ਦਸੰਬਰ ਨੂੰ ਲਗਾਤਾਰ ਤੀਜੇ ਦਿਨ ਸੁਣਵਾਈ ਹੋਵੇਗੀ। ਇਸ ਦੌਰਾਨ ਅੱਜ ਪੰਜਾਬ ਸਰਕਾਰ ਡੱਲੇਵਾਲ ਦੇ ਬਲੱਡ ਟੈਸਟ, ਸੀਟੀ ਸਕੈਨ ਅਤੇ ਕੈਂਸਰ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰੇਗੀ। ਸੁਣਵਾਈ ਦੁਪਹਿਰ 12:30 ਵਜੇ ਸ਼ੁਰੂ ਹੋਵੇਗੀ।
ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਰਿਪੋਰਟ ਪੇਸ਼ ਕਰਨ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ 4 ਡਾਕਟਰਾਂ ਦੀ ਟੀਮ ਬਣਾਈ ਹੈ। ਟੀਮ ਨੇ ਵੀਰਵਾਰ ਨੂੰ ਖਨੌਰੀ ਸਰਹੱਦ ਪਹੁੰਚ ਕੇ ਡੱਲੇਵਾਲ ਦੇ ਖੂਨ ਦੇ ਨਮੂਨੇ ਲਏ ਸੀ ਅਤੇ ਈ.ਸੀ.ਜੀ. ਕੀਤੀ। ਹੁਣ ਸਰਕਾਰ ਆਪਣੀ ਰਿਪੋਰਟ ਲੈ ਕੇ ਸਵੇਰੇ ਸੁਪਰੀਮ ਕੋਰਟ ਜਾਵੇਗੀ।
ਡੱਲੇਵਾਲ ਫਸਲਾਂ ਦੀ ਖਰੀਦ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਡੱਲੇਵਾਲ ਨੇ ਸੁਪਰੀਮ ਕੋਰਟ ਨੂੰ ਪੱਤਰ ਲਿਖ ਕੇ 6 ਮੁੱਦੇ ਉਠਾਏ ਹਨ। ਇਸ ਵਿਚ ਦੋਸ਼ ਲਾਇਆ ਗਿਆ ਕਿ ਕੇਂਦਰ ਸਰਕਾਰ ਨੇ 2020-21 ਵਿਚ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ।
ਸੁਪਰੀਮ ਕੋਰਟ ਵਿੱਚ 18 ਦਸੰਬਰ ਨੂੰ ਹੋਈ ਸੀ ਸੁਣਵਾਈ: ਪੰਜਾਬ ਸਰਕਾਰ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਠੀਕ ਹੈ। ਇਸ ‘ਤੇ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ 70 ਸਾਲ ਦਾ ਬਜ਼ੁਰਗ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹੈ। ਕੌਣ ਹੈ ਡਾਕਟਰ ਜੋ ਡੱਲੇਵਾਲ ਨੂੰ ਬਿਨਾਂ ਕਿਸੇ ਟੈਸਟ ਦੇ ਸਹੀ ਦੱਸ ਰਿਹਾ ਹੈ ? ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਡੱਲੇਵਾਲ ਠੀਕ ਹੈ ? ਜਦੋਂ ਕਿ ਉਸ ਦੀ ਜਾਂਚ ਨਹੀਂ ਹੋਈ, ਖੂਨ ਦਾ ਟੈਸਟ ਨਹੀਂ ਹੋਇਆ, ਈਸੀਜੀ ਨਹੀਂ ਕਰਵਾਈ ਗਈ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਹ ਠੀਕ ਹੈ ?
ਸੁਪਰੀਮ ਕੋਰਟ ਵਿੱਚ 17 ਦਸੰਬਰ ਨੂੰ ਹੋਈ ਸੀ ਸੁਣਵਾਈ: ਪੰਜਾਬ ਸਰਕਾਰ ਨੇ ਕਿਹਾ ਕਿ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਇਆ ਜਾਵੇ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸੂਬੇ ਨੂੰ ਕੁਝ ਕਰਨਾ ਚਾਹੀਦਾ ਹੈ। ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਸਥਿਤੀ ਨੂੰ ਸੰਭਾਲਣਾ ਪਵੇਗਾ।
ਸੁਪਰੀਮ ਕੋਰਟ ਨੇ ਅੱਗੇ ਕਿਹਾ – ਡੱਲੇਵਾਲ ਇੱਕ ਜਨਤਕ ਸ਼ਖਸੀਅਤ ਹੈ। ਇਨ੍ਹਾਂ ਨਾਲ ਕਿਸਾਨਾਂ ਦੇ ਹਿੱਤ ਜੁੜੇ ਹੋਏ ਹਨ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ, “ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਸਿੱਧੇ ਅਦਾਲਤ ‘ਚ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਹ ਇੱਥੇ ਸਿੱਧੇ ਆ ਕੇ ਸੁਝਾਅ ਜਾਂ ਮੰਗਾਂ ਪੇਸ਼ ਕਰ ਸਕਦੇ ਹਨ ਜਾਂ ਆਪਣਾ ਪ੍ਰਤੀਨਿਧੀ ਭੇਜ ਸਕਦੇ ਹਨ।”