ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਕੰਸਰਟ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਨ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਹਾਈ ਕੋਰਟ ਵਿੱਚ ਇਸ ਸਬੰਧੀ ਸਟੇਟਸ ਰਿਪੋਰਟ ਦਾਇਰ ਕੀਤੀ। ਜਿਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਆਵਾਜ ਪ੍ਰਦੂਸ਼ਣ ਸਬੰਧੀ ਪ੍ਰਬੰਧਕਾਂ ਤੋਂ ਜਵਾਬ ਮੰਗਿਆ ਹੈ।
ਪ੍ਰਸ਼ਾਸਨ ਮੁਤਾਬਕ 14 ਦਸੰਬਰ ਨੂੰ ਸੈਕਟਰ-34 ਵਿੱਚ ਹੋਏ ਸਮਾਗਮ ਦੌਰਾਨ ਆਵਾਜ਼ ਦਾ ਪੱਧਰ ਨਿਰਧਾਰਤ ਸੀਮਾ ਤੋਂ ਵੱਧ ਪਾਇਆ ਗਿਆ। ਆਵਾਜ਼ ਨੂੰ 75 ਡੈਸੀਬਲ (ਡੀਬੀ) ਤੋਂ ਉੱਪਰ ਨਹੀਂ ਜਾਣਾ ਚਾਹੀਦਾ ਸੀ, ਪਰ ਸੰਗੀਤ ਸਮਾਰੋਹ ਦੌਰਾਨ ਆਵਾਜ਼ 82 ਡੈਸੀਬਲ ਤੱਕ ਪਹੁੰਚ ਗਈ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 9 ਜਨਵਰੀ ਨੂੰ ਹੋਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੀਨੀਅਰ ਵਕੀਲ ਅਮਿਤ ਝਾਂਝੀ ਅਤੇ ਦਿਲਜੀਤ ਦੇ ਸੰਗੀਤ ਸਮਾਰੋਹ ਦੇ ਪ੍ਰਬੰਧਕਾਂ ਵੱਲੋਂ ਸੀਨੀਅਰ ਵਕੀਲ ਅਕਸ਼ੈ ਭਾਨ ਪੇਸ਼ ਹੋਏ। ਅਕਸ਼ੈ ਭਾਨ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਪ੍ਰਬੰਧਕਾਂ ਨੇ ਇਸ ਬਾਰੇ ਜਵਾਬ ਦੇਣ ਲਈ ਕੁਝ ਸਮਾਂ ਮੰਗਿਆ ਹੈ।
ਪ੍ਰਸ਼ਾਸਨ ਵੱਲੋਂ ਹਾਈ ਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਡੀਸੀ ਨੇ ਆਵਾਜ਼ ਦੇ ਪੱਧਰ ਦੀ ਜਾਂਚ ਲਈ 3 ਕਮੇਟੀਆਂ ਬਣਾਈਆਂ ਸਨ। ਕਮੇਟੀਆਂ ਨੇ ਰੀਡਿੰਗ ਲਈ ਸੀ ਕਿ ਸੰਗੀਤ ਸਮਾਰੋਹ ਦੌਰਾਨ ਸਟੇਜ ‘ਤੇ ਕਿੰਨੀ ਆਵਾਜ਼ ਸੀ।
ਕਮੇਟੀਆਂ ਨੇ ਮੰਗਲਵਾਰ ਨੂੰ ਡੀਸੀ ਨੂੰ ਰਿਪੋਰਟ ਸੌਂਪ ਦਿੱਤੀ ਸੀ। ਸਮਾਗਮ ਦੌਰਾਨ ਆਵਾਜ਼ ਦਾ ਪੱਧਰ 82 ਡੈਸੀਬਲ ਤੱਕ ਪਹੁੰਚ ਗਿਆ, ਜੋ ਕਿ ਨਿਰਧਾਰਤ ਸੀਮਾ ਤੋਂ ਵੱਧ ਸੀ। ਜਿਸ ਕਾਰਨ ਪ੍ਰਸ਼ਾਸਨ ਨੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ।