ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਜਾਰਜੀਆ ਦੇ ਗੁਡੌਰੀ ਵਿੱਚ ਇੱਕ ਰੈਸਟੋਰੈਂਟ ਵਿੱਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। 12ਵਾਂ ਵਿਅਕਤੀ ਜਾਰਜੀਆ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਇਹ ਸਾਰੇ ਰੈਸਟੋਰੈਂਟ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ‘ਚ ਸੌਂ ਰਹੇ ਸਨ। ਅਚਾਨਕ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਉਨ੍ਹਾਂ ਦੇ ਸਰੀਰ ‘ਤੇ ਹਿੰਸਾ ਜਾਂ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਜਾਰਜੀਆ ਦੀ ਰਾਜਧਾਨੀ ਜਾਰਜੀਆ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਦੂਤਾਵਾਸ ਨੇ ਕਿਹਾ, ‘ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਲਾਸ਼ਾਂ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ।’
ਜਾਰਜੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਐਨਐਨ ਦੇ ਅਨੁਸਾਰ, ਇੱਕ ਜਨਰੇਟਰ ਮਜ਼ਦੂਰਾਂ ਦੇ ਬਿਸਤਰਿਆਂ ਦੇ ਨੇੜੇ ਮਿਲਿਆ ਸੀ ਅਤੇ ਸ਼ਾਇਦ ਬਿਜਲੀ ਕੱਟ ਜਾਣ ਤੋਂ ਬਾਅਦ ਚਾਲੂ ਕੀਤਾ ਗਿਆ ਸੀ। ਇਸ ‘ਚੋਂ ਗੈਸ ਨਿਕਲਦੀ ਹੈ। ਮਰਨ ਵਾਲਿਆਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ।
ਦੱਸ ਦਈਏ ਕਿ ਗੁਡੌਰੀ ‘ਚ ਰਾਤ ਨੂੰ ਤਾਪਮਾਨ ਮਨਫੀ 15 ਡਿਗਰੀ ਤੱਕ ਚਲਾ ਜਾਂਦਾ ਹੈ। ਬਿਨਾਂ ਹੀਟਰ ਦੇ ਇੱਥੇ ਰਾਤ ਬਿਤਾਉਣਾ ਘਾਤਕ ਹੋ ਸਕਦਾ ਹੈ। ਇਸ ਕਾਰਨ ਇੱਥੇ ਰਹਿਣ ਵਾਲੇ ਲੋਕ ਕਮਰਿਆਂ ਨੂੰ ਗਰਮ ਕਰਨ ਦਾ ਪ੍ਰਬੰਧ ਕਰਦੇ ਹਨ। ਗੁਡੌਰੀ ਰੂਸੀ ਸਰਹੱਦ ਦੇ ਨੇੜੇ ਕਾਕੇਸ਼ਸ ਪਹਾੜਾਂ ਦੇ ਨੇੜੇ ਹੈ। ਇੱਥੇ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਚਾ ਸਕੀ ਰਿਜੋਰਟ ਹੈ। ਇੱਥੇ ਜ਼ਿਆਦਾਤਰ ਯੂਰਪੀਅਨ ਸੈਲਾਨੀ ਆਉਂਦੇ ਹਨ। ਰਿਪੋਰਟ ਮੁਤਾਬਕ ਪਿਛਲੇ ਸਾਲ ਇੱਥੇ ਸਕੀਇੰਗ ਲਈ 3 ਲੱਖ ਤੋਂ ਵੱਧ ਲੋਕ ਆਏ ਸਨ। ਗੁਡੌਰੀ ਰਿਜ਼ੋਰਟ 7,200 ਫੁੱਟ (2,195 ਮੀਟਰ) ਦੀ ਉਚਾਈ ‘ਤੇ ਹੈ। ਇੱਥੇ 56 ਕਿਲੋਮੀਟਰ ਤੱਕ ਸਕੀਇੰਗ ਕੀਤੀ ਜਾ ਸਕਦੀ ਹੈ। ਇੱਥੇ 10,750 ਫੁੱਟ (3,277 ਮੀਟਰ) ਦੀ ਚੋਟੀ ਤੋਂ ਸਕੀਇੰਗ ਸ਼ੁਰੂ ਕੀਤੀ ਜਾ ਸਕਦੀ ਹੈ।