ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਸੀਰੀਆ ‘ਚ ਪਿਛਲੇ 11 ਦਿਨਾਂ ਤੋਂ ਬਾਗੀ (ਵਿਧਰੋਹੀਆਂ) ਸਮੂਹਾਂ ਅਤੇ ਫੌਜ ਵਿਚਾਲੇ ਚੱਲ ਰਹੇ ਸੰਘਰਸ਼ ਦਰਮਿਆਨ ਬਾਗੀ ਲੜਾਕੇ ਰਾਜਧਾਨੀ ਦਮਿਸ਼ਕ ‘ਚ ਦਾਖਲ ਹੋ ਗਏ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਹਫ਼ਤੇ ਵਿੱਚ ਬਾਗੀਆਂ ਨੇ ਸੀਰੀਆ ਦੇ ਚਾਰ ਵੱਡੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਵਿੱਚ ਅਲੇਪੋ, ਹਾਮਾ, ਹੋਮਸ ਅਤੇ ਦਾਰਾ ਸ਼ਹਿਰ ਸ਼ਾਮਲ ਹਨ।
ਰਾਸ਼ਟਰਪਤੀ ਬਸਰ ਅਲ-ਅਸਦ ਨੇ ਰਾਜਧਾਨੀ ਦਮਿਸ਼ਕ ਛੱਡ ਦਿੱਤਾ ਹੈ। ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਦਰੋਹੀਆਂ ਦੇ ਡਰ ਕਾਰਨ ਅਸਦ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੇਸ਼ ਛੱਡ ਕੇ ਰੂਸ ਵਿੱਚ ਸ਼ਰਨ ਲਈ ਹੈ। ਹਾਲਾਂਕਿ ਸੀਰੀਆ ਦੀ ਸਰਕਾਰ ਨੇ ਅਸਦ ਦੇ ਦੇਸ਼ ਛੱਡਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਸੰਘਰਸ਼ ਕਾਰਨ ਹੁਣ ਤੱਕ 3.70 ਲੱਖ ਲੋਕ ਬੇਘਰ ਹੋ ਚੁੱਕੇ ਹਨ।
ਬਾਗੀ ਲੜਾਕੇ ਦਾਰਾ ਸ਼ਹਿਰ ਤੋਂ ਰਾਜਧਾਨੀ ਦਮਿਸ਼ਕ ਵਿੱਚ ਦਾਖਲ ਹੋਏ ਹਨ, ਜਿਸ ‘ਤੇ ਉਨ੍ਹਾਂ ਨੇ 6 ਦਸੰਬਰ ਨੂੰ ਕਬਜ਼ਾ ਕਰ ਲਿਆ ਸੀ। ਦਾਰਾ ਉਹੀ ਸ਼ਹਿਰ ਹੈ ਜਿੱਥੋਂ 2011 ‘ਚ ਰਾਸ਼ਟਰਪਤੀ ਬਸ਼ਰ ਅਲ-ਅਸਦ ਖਿਲਾਫ ਬਗਾਵਤ ਸ਼ੁਰੂ ਹੋਈ ਸੀ, ਜਿਸ ਨੇ ਪੂਰੇ ਦੇਸ਼ ਨੂੰ ਯੁੱਧ ਦੀ ਸਥਿਤੀ ‘ਚ ਲਿਆ ਦਿੱਤਾ ਸੀ। ਦਾਰਾ ਤੋਂ ਰਾਜਧਾਨੀ ਦਮਿਸ਼ਕ ਦੀ ਦੂਰੀ ਲਗਭਗ 100 ਕਿਲੋਮੀਟਰ ਹੈ। ਸਥਾਨਕ ਬਾਗੀਆਂ ਨੇ ਇੱਥੇ ਕਬਜ਼ਾ ਕਰ ਲਿਆ ਹੈ।
ਇਸ ਦੇ ਨਾਲ ਹੀ ਅਲੇਪੋ, ਹਾਮਾ ਅਤੇ ਹੋਮਸ ਇਸਲਾਮਿਕ ਕੱਟੜਪੰਥੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ ਦੇ ਕੰਟਰੋਲ ‘ਚ ਹਨ।
ਸੀਰੀਆ ਵਿੱਚ 27 ਨਵੰਬਰ ਨੂੰ ਫੌਜ ਅਤੇ ਸੀਰੀਆਈ ਬਾਗੀ ਸਮੂਹ ਹਯਾਤ ਤਹਿਰੀਰ ਅਲ ਸ਼ਾਮ (ਐਚਟੀਐਸ) ਦਰਮਿਆਨ ਸੰਘਰਸ਼ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 1 ਦਸੰਬਰ ਨੂੰ ਬਾਗੀਆਂ ਨੇ ਉੱਤਰੀ ਸ਼ਹਿਰ ਅਲੇਪੋ ‘ਤੇ ਕਬਜ਼ਾ ਕਰ ਲਿਆ। ਚਾਰ ਦਿਨਾਂ ਬਾਅਦ, ਬਾਗੀ ਸਮੂਹਾਂ ਨੇ ਇਕ ਹੋਰ ਵੱਡੇ ਸ਼ਹਿਰ ਹਾਮਾ ‘ਤੇ ਵੀ ਕਬਜ਼ਾ ਕਰ ਲਿਆ।
ਬਾਗੀਆਂ ਨੇ ਦੱਖਣੀ ਸ਼ਹਿਰ ਦਾਰਾ ‘ਤੇ ਕਬਜ਼ਾ ਕਰਨ ਤੋਂ ਬਾਅਦ ਰਾਜਧਾਨੀ ਦਮਿਸ਼ਕ ਨੂੰ ਦੋ ਪਾਸਿਆਂ ਤੋਂ ਘੇਰ ਲਿਆ ਹੈ। ਦਾਰਾ ਅਤੇ ਰਾਜਧਾਨੀ ਦਮਿਸ਼ਕ ਵਿਚਕਾਰ ਸਿਰਫ਼ 90 ਕਿਲੋਮੀਟਰ ਦੀ ਦੂਰੀ ਹੈ।
ਇਸ ਦੌਰਾਨ ਈਰਾਨ ਨੇ ਸੀਰੀਆ ਤੋਂ ਆਪਣੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਸੀਰੀਆ ਜਾਣ ਵਾਲੇ ਅਤੇ ਉੱਥੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।