ਦਾ ਐਡੀਟਰ ਨਿਊਜ਼, ਬਠਿੰਡਾ —— ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਠਿੰਡਾ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਅੱਜ ਬਣੀ ਸਹਿਮਤੀ ਦੇ ਆਧਾਰ ਤੇ ਪਿੰਡ ਲੇਲੇਵਾਲਾ ਦੇ ਕਿਸਾਨਾਂ ਦੀਆਂ ਜਮੀਨਾਂ ਵਿੱਚ ਗੈਸ ਪਾਈਪ ਲਾਈਨ ਵਿਛਾਉਣ ਦੇ ਮਾਮਲੇ ਤੇ ਲੱਗਿਆ ਮੋਰਚਾ ਇੱਕ ਵਾਰ 13 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ।ਬਿਨਾਂ ਮੁਆਵਜ਼ਾ ਦਿੱਤੇ ਧੱਕੇ ਨਾਲ ਗੈਸ ਪਾਈਪ ਲਾਈਨ ਦਾ ਕੰਮ ਚਲਾਉਣ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ਦੌਰਾਨ ਕੱਲ ਕੋਈ ਗੱਲ ਸਿਰੇ ਨਾ ਲੱਗਣ ਕਾਰਨ ਸੂਬਾ ਪੱਧਰੀ ਕੱਠ ਰੱਖਣ ਦੇ ਐਲਾਨ ਤੋਂ ਬਾਅਦ ਅਧਿਕਾਰੀਆਂ ਨੇ ਅੱਜ ਸਵੇਰੇ 10 ਵਜੇ ਮੀਟਿੰਗ ਕਰਨ ਦਾ ਟਾਈਮ ਦਿੱਤਾ ਸੀ। ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਵਿੱਚ ਲਏ ਕਿਸਾਨ ਵੀ ਛੱਡ ਦਿੱਤੇ ਅਤੇ ਜਬਤ ਕੀਤਾ ਸਮਾਨ ਵੀ ਵਾਪਸ ਕਰ ਦਿੱਤਾ ਸੀ। ਪਿੰਡ ਲੇਲੇ ਵਾਲਾ ਵੱਲ ਨੂੰ ਆਉਂਦੇ ਕਿਸਾਨਾਂ ਤੇ ਲਾਠੀ ਚਾਰਜ ਕਰਨ ਅਤੇ ਉਹਨਾਂ ਦੀਆਂ ਗੱਡੀਆਂ ਦੀ ਭੰਨ ਤੋੜ ਕਰਨ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਅੱਜ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੋਰਚਾ ਸੰਭਾਲ ਲਿਆ ਸੀ।
ਲੇਲੇਵਾਲਾ ਵਿਖੇ ਹੋਏ ਸੂਬਾ ਪੱਧਰੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ,ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੂਬਾ ਆਗੂ ਰੂਪ ਸਿੰਘ ਛੰਨਾ, ਜਿਲਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਅਤੇ ਕਮਲਪ੍ਰੀਤ ਕੌਰ ਬਰਨਾਲਾ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਝੂਠ ਮਾਰ ਰਿਹਾ ਹੈ ਕਿ ਕਿਸਾਨਾਂ ਦੇ ਮੁਆਵਜ਼ੇ ਦਾ ਤਾਂ ਕੋਈ ਇਸ਼ੂ ਨਹੀਂ ਹੈ ਜਦੋਂ ਕਿ ਕਿਸਾਨਾਂ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਸਿਰਫ ਲੇਲੇਵਾਲੇ ਦੇ 30 ਕਿਸਾਨਾਂ ਨੂੰ ਹਾਲੇ ਤੱਕ ਮੁਆਵਜੇ ਦਾ ਕੋਈ ਇਕ ਰੁਪਿਆ ਵੀ ਨਹੀਂ ਦਿੱਤਾ ਗਿਆ ਜਦੋਂ ਕਿ ਧੱਕੇ ਦੇ ਜ਼ੋਰ ਕੰਮ ਚਲਾਉਣ ਲਈ ਪੁਲਿਸ ਦੀਆਂ ਧਾੜਾਂ ਚਾੜ੍ਹੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ 15 ਮਈ 2023 ਨੂੰ ਗੈਸ ਕੰਪਨੀ ਪਾਈਪਲਾਈਨ ਕੰਪਨੀ ਦੇ ਅਧਿਕਾਰੀਆਂ ਵੱਲੋਂ ਲਿਖਤੀ ਸਮਝੌਤਾ ਕੀਤਾ ਹੋਇਆ ਹੈ ਕਿ ਸਾਰੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਨੂੰ ਲਗਭਗ 30% ਕਿਸਾਨਾਂ ਨੂੰ 24 ਲੱਖ ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਕੇ ਲਾਗੂ ਵੀ ਕਰ ਦਿੱਤਾ ਗਿਆ ਹੈ ਪਰ ਬਾਕੀ ਰਹਿੰਦੇ ਕਿਸਾਨਾਂ ਨੂੰ ਡੇਢ ਸਾਲ ਤੋਂ ਲਮਕਾਇਆ ਜਾ ਰਿਹਾ ਹੈ ਅਤੇ ਪੁਲਿਸ ਦੇ ਜੋਰ ਜਬਰੀ ਪਾਈਪ ਲਾਈਨ ਪਾਉਣ ਦਾ ਕੰਮ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਤਸੱਲੀ ਮੁਤਾਬਕ ਮੁਆਵਜਾ ਦਿੱਤੇ ਬਿਨਾਂ ਗੈਸ ਪਾਈਪ ਲਾਈਨ ਦਾ ਕੰਮ ਚੱਲਣ ਨਹੀਂ ਦਿੱਤਾ ਜਾਵੇਗਾ।
ਦੁਪਹਿਰ ਤੋਂ ਬਾਅਦ ਕਿਸਾਨ ਆਗੂਆਂ ਨਾਲ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਚੱਲੀ ਜਿਸ ਵਿੱਚ ਫੈਸਲਾ ਹੋਇਆ ਕਿ 13 ਦਸੰਬਰ ਤੱਕ ਕੰਪਨੀ ਵੱਲੋਂ ਗੈਸ ਪਾਈਪ ਲਾਈਨ ਤੇ ਕੰਮ ਬੰਦ ਰੱਖਿਆ ਜਾਵੇਗਾ ਅਤੇ 13 ਤਰੀਕ ਨੂੰ ਮੁੜ ਦੁਬਾਰਾ ਮੀਟਿੰਗ ਹੋਵੇਗੀ ਜਿਸ ਵਿੱਚ ਪਹਿਲਾਂ ਕੀਤੇ ਹੋਏ ਸਮਝੌਤੇ ਪੂਰਨ ਤੌਰ ਤੇ ਲਾਗੂ ਕਰਨ ,ਸਰਕਾਰ ਅਤੇ ਪੁਲਿਸ ਵੱਲੋਂ ਕਿਸਾਨਾਂ ਦੀਆਂ ਗੱਡੀਆਂ ਤੇ ਹੋਰ ਸਮਾਨ ਦੀ ਕੀਤੀ ਭੰਨ ਤੋੜ ਦੀ ਭਰਭਾਈ ਅਤੇ ਪੁਲਿਸ ਕੇਸਾਂ ਦੀ ਵਾਪਸੀ ਸਬੰਧੀ ਵਿਚਾਰ ਚਰਚਾ ਹੋਵੇਗੀ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਨੂੰ ਪਹਿਲਾਂ ਥੋੜਾ ਮੁਆਵਜ਼ਾ ਦਿੱਤਾ ਹੈ ਉਹਨਾਂ ਪ੍ਰਤੀ ਅਧਿਕਾਰੀਆਂ ਨੇ ਕਿਹਾ ਕਿ ਉਹ ਸੰਬੰਧਤ ਕਿਸਾਨਾਂ ਤੋਂ ਕੋਰਟ ਵਿੱਚ ਕੇਸ ਪਵਾ ਦੇਣਗੇ ।
ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਇਹ 13 ਤਰੀਕ ਨੂੰ ਕਾਨੂੰਨੀ ਮਾਹਰਾਂ ਨਾਲ ਰਾਏ ਕਰਕੇ ਵਿਚਾਰਿਆ ਜਾਵੇਗਾ। ਇਸ ਬਣੀ ਸਹਿਮਤੀ ਦਾ ਐਲਾਨ ਏਡੀਸੀ ਬਠਿੰਡਾ ਨੇ ਚੱਲ ਰਹੀ ਸਟੇਜ ਤੋਂ ਆ ਕੇ ਕੀਤਾ। ਅੱਜ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ, ਐਸਐਸਪੀ ਬਠਿੰਡਾ, ਗੈਸ ਪਾਈਪਲੈਨ ਦੇ ਉੱਚ ਅਧਿਕਾਰੀ ਅਤੇ ਕਾਨੂੰਨੀ ਮਾਹਰ ਅਤੇ ਕਿਸਾਨ ਜਥੇਬੰਦੀ ਦੇ ਆਗੂ ਸਾਮਲ ਸਨ। ਅਖੀਰ ਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜੇਕਰ ਗੈਸ ਪਾਈਪ ਲਾਈਨ ਕੰਪਨੀ ਜਾਂ ਪ੍ਰਸ਼ਾਸਨ ਵੱਲੋਂ ਵਾਅਦਾ ਖਿਲਾਫ ਜਾਂ ਕਿਸੇ ਤਰ੍ਹਾਂ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਉਹ ਅਗਲੇ ਸੰਘਰਸ਼ ਲਈ ਤਿਆਰ ਰਹਿਣ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹਨਾਂ ਸਾਰੇ ਤੱਥਾਂ ਨੂੰ ਦੇਖਦਿਆਂ ਮੋਰਚਾ 13 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ।