ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——— ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਅੰਤਰਰਾਸ਼ਟਰੀ ਗਰੋਹ ਨਾਲ ਸਬੰਧਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਉਦੋਂ ਕਾਬੂ ਕਰ ਲਿਆ ਜਦੋਂ ਉਹ ਗਾਹਕ ਨੂੰ ਡਿਲੀਵਰੀ ਦੇਣ ਪਹੁੰਚੇ ਸਨ। ਮੁਲਜ਼ਮ ਖ਼ਿਲਾਫ਼ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵਿੱਚ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਕੋਲੋਂ 8 ਆਧੁਨਿਕ ਪਿਸਤੌਲ ਬਰਾਮਦ ਹੋਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਇਹ ਕਾਰਵਾਈ ਅੰਮ੍ਰਿਤਸਰ ਦੇ ਘਰਿੰਡਾ ਅਧੀਨ ਪੈਂਦੇ ਪਿੰਡ ਨੂਰਪੁਰ ਪੱਧਰੀ ਵਿੱਚ ਕੀਤੀ ਹੈ। ਇੱਥੇ ਦੋ ਮੁਲਜ਼ਮ ਡਿਲੀਵਰੀ ਕਰਨ ਲਈ ਗਾਹਕ ਦੀ ਉਡੀਕ ਕਰ ਰਹੇ ਸਨ। ਪਰ ਕਾਊਂਟਰ ਇੰਟੈਲੀਜੈਂਸ ਨੂੰ ਇਹ ਜਾਣਕਾਰੀ ਪਹਿਲਾਂ ਹੀ ਮਿਲ ਚੁੱਕੀ ਸੀ। ਜਿਸ ਤੋਂ ਬਾਅਦ ਵਿਉਂਤਬੰਦੀ ਕਰਕੇ ਜਾਲ ਤਿਆਰ ਕੀਤਾ ਗਿਆ।
8 ਆਧੁਨਿਕ ਹਥਿਆਰ ਅਤੇ ਗੋਲੀਆਂ ਬਰਾਮਦ
– 4 ਆਸਟ੍ਰੀਆ ਦੇ ਬਣੇ ਗਲੋਕ ਪਿਸਤੌਲ
– 2 ਤੁਰਕੀ ਦੇ ਬਣੇ 9mm ਪਿਸਟਲ
– 2 ਜਿਗਾਨਾ .30 ਬੋਰ ਪਿਸਤੌਲ
– 10 ਰਾਊਂਡ ਗੋਲੀਆਂ
ਪੁਲਿਸ ਨੇ ਇਹਨਾਂ ਵਿਅਕਤੀਆਂ ਖਿਲਾਫ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਵਿੱਚ ਇਨ੍ਹਾਂ ਪਿੱਛੇ ਦੀ ਨੈੱਟਵਰਕਿੰਗ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।