ਦ ਐਡੀਟਰ ਨਿਊਜ਼, ਚੰਡੀਗੜ੍ਹ ——- ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਰੋਜਾਨਾ ਸਪੋਕਸਮੈਨ ਟੀਵੀ ਦੀ ਇੱਕ ਇੰਟਰਵਿਊ ਦਾ ਹਵਾਲਾ ਦਿੰਦਿਆਂ ਉਸ ਸਿੱਖ ਬੁੱਧੀਜੀਵੀ ਸਰਬਜੀਤ ਸਿੰਘ ਸੋਹਲ ਦੇ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੀ ਮੀਟਿੰਗ ਤੇ ਬੁਲਾਇਆ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ 2004 ਵਿੱਚ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਫੇਸਬੁੱਕ ਤੇ ਸਰਬਜੀਤ ਸਿੰਘ ਸੋਹਲ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਰੋਜਾਨਾ ਸਪੋਕਸਮੈਨ ਟੀਵੀ ਨੂੰ ਇੰਟਰਵਿਊ ਦੇ ਰਹੇ ਹਨ ਵਲਟੋਹਾ ਨੇ ਸਵਾਲ ਚੁੱਕਿਆ ਹੈ ਕਿ ਜਿਹੜੇ ਸਿੱਖ ਬੁੱਧੀਜੀਵੀ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੋਣ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਕੀ ਲਿਖਿਆ ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ ਤੇ
ਆਹ ਬੈਠਾ ਜੇ ਰੋਜ਼ਾਨਾ ਸਪੋਕਸਮੈਨ ਵਾਲਿਆਂ ਨਾਲ ਅੱਜ ਕੱਲ ਦਾ “ਵੱਡਾ ਪੰਥਕ” …ਸਰਬਜੀਤ ਸਿੰਘ ਸੋਹਲ
ਰੋਜਾਨਾ ਸਪੋਕਸਮੈਨ ਅਦਾਰੇ ਦੇ ਮੁੱਖੀ ਜੋਗਿੰਦਰ ਸਿੰਹੁ ਨੂੰ 2004 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਵਿਰੋਧੀ ਪ੍ਰਕਾਸ਼ਨਾਵਾਂ ਲਿਖਣ ਕਰਕੇ ਪੰਥ ‘ਚੋਂ ਛੇਕ ਦਿੱਤਾ ਗਿਆ ਸੀ ਤੇ ਸਿੱਖ ਪੰਥ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਕੋਈ ਵੀ ਸਿੱਖ ਜੋਗਿੰਦਰ ਸਿੰਹੁ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖੇਗਾ ਅਤੇ ਇਸ ਦੇ ਅਦਾਰੇ ਤੇ ਪ੍ਰਕਾਸ਼ਨਾਵਾਂ ਨਾਲ ਕੋਈ ਸੰਬੰਧ ਨਹੀਂ ਰੱਖੇਗਾ।
ਇਹ ਹੁਕਮ ਅੱਜ ਤੱਕ ਲਾਗੂ ਹੈ। ਸਰਬਜੀਤ ਸਿੰਘ ਸੋਹਲ ਦੀ ਅੱਜ ਰੋਜ਼ਾਨਾ ਸਪੋਕਸਮੈਨ ਵੈਬ ਚੈਨਲ ਨੇ ਤਾਜਾ ਤਾਜਾ ਇੰਟਰਵਿਊ ਜਾਰੀ ਕੀਤੀ ਹੈ। ਸਰਬਜੀਤ ਸਿੰਘ ਸੋਹਲ ਉਹ “ਸਿੱਖ ਬੁੱਧੀਜੀਵੀ” ਹੈ ਜਿਸਨੂੰ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਸਲਾਹ ਦੇਣ ਵਾਲੀ 6 ਨਵੰਬਰ ਦੀ ਮੀਟਿੰਗ ਵਿੱਚ ਸੱਦਿਆ ਗਿਆ ਸੀ।
ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਲਾਹਾਂ ਦੇਣ ਵਾਲੇ ਹੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲਘੰਣਾ ਕਰਨ ਲੱਗ ਜਾਣ ਤਾਂ ਪੰਥ ਦਾ ਕੀ ਬਣੂੰਗਾ ?
ਕੀ ਇਸ “ਪੰਥਕ ਬੁੱਧੀਜੀਵੀ” ਸਰਬਜੀਤ ਸਿੰਘ ਸੋਹਲ ਵਿਰੁੱਧ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੀ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਹੋਵੇਗੀ ?