ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਭਾਰਤੀ ਹਾਕੀ ਪੁਰਸ਼ ਅਤੇ ਮਹਿਲਾ ਟੀਮ ਦੇ ਦੋ ਖਿਡਾਰੀ ਆਕਾਸ਼ਦੀਪ ਸਿੰਘ ਅਤੇ ਮੋਨਿਕਾ ਮਲਿਕ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੀ ਮੰਗਣੀ ਬੁੱਧਵਾਰ ਨੂੰ ਜਲੰਧਰ ਦੇ ਫਗਵਾੜਾ ਹਾਈਵੇ ‘ਤੇ ਸਥਿਤ ਇਕ ਨਿੱਜੀ ਰਿਜ਼ੋਰਟ ‘ਚ ਹੋਈ। ਇਸ ਮੌਕੇ ਦੋਵਾਂ ਖਿਡਾਰੀਆਂ ਦੇ ਪਰਿਵਾਰ ਜਲੰਧਰ ‘ਚ ਹੋਏ ਇਸ ਸਮਾਗਮ ‘ਚ ਸ਼ਾਮਿਲ ਹੋਏ।
ਬੀਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਆਕਾਸ਼ਦੀਪ ਦੇ ਘਰ ਪਾਠ ਦੇ ਭੋਗ ਪਾਏ ਗਏ ਸੀ। ਦੋਵਾਂ ਦਾ ਵਿਆਹ 15 ਨਵੰਬਰ ਨੂੰ ਲਾਂਡਰਾ ਸਰਹਿੰਦ ਹਾਈਵੇ ‘ਤੇ ਸਥਿਤ ਇਕ ਰਿਜ਼ੋਰਟ ‘ਚ ਹੋਵੇਗਾ। ਮੋਨਿਕਾ ਮੂਲ ਰੂਪ ਤੋਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਗਾਮਦੀ ਦੀ ਰਹਿਣ ਵਾਲੀ ਹੈ। ਜਦੋਂਕਿ ਅਕਾਸ਼ਦੀਪ ਸਿੰਘ ਮੂਲ ਰੂਪ ਵਿੱਚ ਖਡੂਰ ਸਾਹਿਬ ਦੇ ਪਿੰਡ ਵੀਰੋਵਾਲ ਦਾ ਰਹਿਣ ਵਾਲਾ ਹੈ।
ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਹਨ। ਉਨ੍ਹਾਂ ਦੀ ਨਿਯੁਕਤੀ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ। ਮੋਨਿਕਾ ਮਲਿਕ ਭਾਰਤੀ ਰੇਲਵੇ ਵਿੱਚ ਕੰਮ ਕਰ ਰਹੀ ਹੈ। ਦੋਵੇਂ ਓਲੰਪਿਕ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
ਅਕਾਸ਼ਦੀਪ ਸਿੰਘ ਦਾ ਜਨਮ 2 ਦਸੰਬਰ 1994 ਨੂੰ ਪਿੰਡ ਵੀਰੋਵਾਲ ਵਿੱਚ ਹੋਇਆ। ਉਸ ਦੇ ਪਿਤਾ ਸੁਰਿੰਦਰਪਾਲ ਸਿੰਘ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਕੰਮ ਕਰਦੇ ਸਨ। ਜਦਕਿ ਉਸਦਾ ਛੋਟਾ ਭਰਾ ਪ੍ਰਭਦੀਪ ਸਿੰਘ ਵੀ ਹਾਕੀ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਪ੍ਰਤੀਨਿਧਤਾ ਵੀ ਕਰ ਚੁੱਕਾ ਹੈ।
ਅਕਾਸ਼ਦੀਪ ਸਿੰਘ ਸ਼ੁਰੂ ਵਿੱਚ ਗੁਰੂ ਅੰਗਦ ਦੇਵ ਸਪੋਰਟਸ ਕਲੱਬ ਲਈ ਵੀ ਖੇਡਿਆ। ਉਸਦੀ ਸ਼ਾਨਦਾਰ ਖੇਡ ਕਲਾ ਨੂੰ ਵੇਖਦਿਆਂ ਉਸਦੇ ਮਾਤਾ-ਪਿਤਾ ਨੇ ਉਸਨੂੰ 12 ਸਾਲ ਦੀ ਉਮਰ ਵਿੱਚ ਲੁਧਿਆਣਾ ਸਥਿਤ ਪੀਏਯੂ ਹਾਕੀ ਅਕੈਡਮੀ ਵਿੱਚ ਦਾਖਲ ਕਰਵਾ ਦਿੱਤਾ।
ਇਸ ਤੋਂ ਬਾਅਦ ਅਕਾਸ਼ਦੀਪ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਚਲਾ ਗਿਆ ਅਤੇ ਉਥੇ 4 ਸਾਲ ਰਿਹਾ। ਇਸ ਦੌਰਾਨ ਉਸ ਨੇ ਖੇਡ ਦੀ ਹਰ ਬਾਰੀਕੀ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਘਰੇਲੂ ਅਤੇ ਰਾਸ਼ਟਰੀ ਪੱਧਰ ‘ਤੇ ਕਰਵਾਏ ਗਏ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਾਲ 2011 ਵਿੱਚ ਅਕਾਸ਼ਦੀਪ ਸਿੰਘ ਨੂੰ ਭਾਰਤੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਜਿੱਥੇ ਉਸਨੇ 2011 ਵਿੱਚ ਮਲੇਸ਼ੀਆ ਵਿੱਚ ਹੋਏ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।
ਆਕਾਸ਼ਦੀਪ ਸਿੰਘ ਨੇ ਇੱਕ ਸਾਲ ਬਾਅਦ 2012 ਚੈਂਪੀਅਨਜ਼ ਟਰਾਫੀ ਵਿੱਚ ਸੀਨੀਅਰ ਭਾਰਤੀ ਟੀਮ ਲਈ ਆਪਣੀ ਸ਼ੁਰੂਆਤ ਕੀਤੀ। ਜਿੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੂੰ ਗੋਲ ਮਸ਼ੀਨ ਵਜੋਂ ਜਾਣਿਆ ਜਾਂਦਾ ਹੈ। ਅਕਾਸ਼ਦੀਪ ਭਾਰਤ ਲਈ ਹੁਣ ਤੱਕ 80 ਤੋਂ ਵੱਧ ਗੋਲ ਕਰ ਚੁੱਕੇ ਹਨ। ਆਕਾਸ਼ਦੀਪ ਸਿੰਘ ਨੇ ਰੀਓ 2016 ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕੀਤੀ ਸੀ।
ਮੋਨਿਕਾ ਮਲਿਕ ਨੇ 2005 ਵਿੱਚ ਹਾਕੀ ਦਾ ਅਭਿਆਸ ਸ਼ੁਰੂ ਕੀਤਾ ਸੀ। 2007 ਵਿੱਚ, ਮੋਨਿਕਾ ਡੇ-ਬੋਰਡਿੰਗ ਸਕੀਮ ਤਹਿਤ ਅਕੈਡਮੀ ਵਿੱਚ ਸ਼ਾਮਲ ਹੋਈ। 2009 ਵਿੱਚ ਸਕੂਲ ਨੈਸ਼ਨਲ ਖੇਡਾਂ ਵਿੱਚ ਚੰਡੀਗੜ੍ਹ ਗਰਲਜ਼ ਟੀਮ ਨੇ ਗੋਲਡ ਮੈਡਲ ਜਿੱਤਿਆ। ਇਸ ਟੀਮ ਵਿੱਚ ਮੋਨਿਕਾ ਮਲਿਕ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।
2011 ਵਿੱਚ ਮੋਨਿਕਾ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਦੀ ਟੀਮ ਨੇ ਜੂਨੀਅਰ ਨੈਸ਼ਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 2012 ਵਿੱਚ ਵੀ ਚੰਡੀਗੜ੍ਹ ਦੀ ਟੀਮ ਨੇ ਜੂਨੀਅਰ ਨੈਸ਼ਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੋਨਿਕਾ ਨੇ ਭਾਰਤੀ ਜੂਨੀਅਰ ਟੀਮ ਵਿੱਚ ਥਾਂ ਬਣਾਈ ਅਤੇ 2014 ਵਿੱਚ ਜਰਮਨੀ ਵਿੱਚ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਤੋਂ ਬਾਅਦ ਮੋਨਿਕਾ ਨੇ ਹਰਿਆਣਾ ਲਈ ਖੇਡਣਾ ਸ਼ੁਰੂ ਕੀਤਾ। ਜਿਸ ਦਾ ਅਸਰ ਹਰਿਆਣਾ ਦੀ ਮਹਿਲਾ ਟੀਮ ਵਿੱਚ ਦੇਖਣ ਨੂੰ ਮਿਲਿਆ। ਟੀਮ ਨੇ 2014 ਵਿੱਚ ਸੀਨੀਅਰ ਨੈਸ਼ਨਲ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਮੋਨਿਕਾ ਟੋਕੀਓ ਓਲੰਪਿਕ ਵਿੱਚ ਵੀ ਭਾਰਤੀ ਟੀਮ ਦਾ ਹਿੱਸਾ ਸੀ। ਟੀਮ ਤਮਗਾ ਜਿੱਤਣ ‘ਚ ਸਫਲ ਨਹੀਂ ਹੋ ਸਕੀ ਪਰ ਪ੍ਰਦਰਸ਼ਨ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ।