– ਅੱਜੋਵਾਲ ਵਿੱਚ ਹੋਮ ਫਾਰ ਹੋਮਲੈਂਸ ਵੱਲੋਂ 10 ਘਰਾਂ ਦਾ ਨਿਰਮਾਣ ਸ਼ੁਰੂ ਕਰਵਾਇਆ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——- ਜਿਨ੍ਹਾਂ ਲੋਕਾਂ ਕੋਲ ਅੱਜ ਵੀ ਆਪਣੇ ਘਰ ਨਹੀਂ ਹਨ ਉਨ੍ਹਾਂ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦਾ ਜੋ ਕਾਰਜ ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਆਰੰਭਿਆ ਗਿਆ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ, ਇਹ ਪ੍ਰਗਟਾਵਾ ਪਿੰਡ ਅੱਜੋਵਾਲ ਵਿਖੇ 10 ਪਰਿਵਾਰਾਂ ਲਈ 10 ਘਰਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਸਮੇਂ ਸੰਸਥਾ ਨਾਲ ਜੁੜੇ ਦਾਨੀ ਸੱਜਣ ਮਨਜੀਤ ਸਿੰਘ ਜੋ ਕਿ ਅਮਰੀਕਾ ਦੇ ਸਾਲਟ ਲੇਕ ਸ਼ਹਿਰ ਦੇ ਉੱਘੇ ਬਿਜਨੈਂਸਮੈਨ ਹਨ ਵੱਲੋਂ ਕੀਤਾ ਗਿਆ, ਇਸ ਮੌਕੇ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਵੱਲੋਂ ਮਨਜੀਤ ਸਿੰਘ ਦਾ ਇਸ ਮਦਦ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਮਨਜੀਤ ਸਿੰਘ ਨੇ ਅੱਗੇ ਕਿਹਾ ਕਿ ਭਾਵੇਂ ਅਸੀਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਹੇ ਹਾਂ ਲੇਕਿਨ ਆਪਣੀ ਮਿੱਟੀ ਦਾ ਮੋਹ ਅੱਜ ਵੀ ਸਾਨੂੰ ਪੰਜਾਬ ਵੱਲ ਖਿੱਚਦਾ ਹੈ ਤੇ ਹੁਣ ਜਦੋਂ ਅਸੀਂ ਮੇਹਨਤ ਕਰਕੇ ਆਰਥਿਕ ਪੱਖੋ ਸਥਿਰ ਹੋ ਚੁੱਕੇ ਹਾਂ ਤਦ ਪੰਜਾਬ ਵੱਸਦੇ ਆਪਣੇ ਭੈਣ-ਭਰਾਵਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਹੋਮ ਫਾਰ ਹੋਮਲੈਂਸ ਸੰਸਥਾ ਦੀ ਇਸ ਮਹਾਨ ਕਾਰਜ ਵਿੱਚ ਮਦਦ ਜਾਰੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਸਾਲ 100 ਹੋਰ ਪਰਿਵਾਰਾਂ ਲਈ ਘਰਾਂ ਦਾ ਨਿਰਮਾਣ ਕਰਵਾਇਆ ਜਾਵੇਗਾ।
ਇਸ ਸਮੇਂ ਵਰਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਮਨਜੀਤ ਸਿੰਘ ਦੇ ਪਰਿਵਾਰ ਵੱਲੋਂ ਲੱਗਭੱਗ 30 ਘਰਾਂ ਦੇ ਨਿਰਮਾਣ ਵਿੱਚ ਮਦਦ ਕੀਤੀ ਜਾ ਚੁੱਕੀ ਹੈ ਤੇ ਹੁਣ ਜੋ 10 ਘਰਾਂ ਦਾ ਇਨ੍ਹਾਂ ਵੱਲੋਂ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ ਉਹ ਮਨਜੀਤ ਸਿੰਘ ਦੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਇਨ੍ਹਾਂ ਪਰਿਵਾਰਾਂ ਨੂੰ ਤੋਹਫਾ ਦਿੱਤਾ ਗਿਆ ਹੈ। ਇਸ ਮੌਕੇ ਬਹਾਦਰ ਸਿੰਘ ਸੁਨੇਤ, ਰਚਨਾ ਚੌਰ, ਉਕਾਂਰ ਸਿੰਘ ਧਾਮੀ, ਸਰਪੰਚ ਆਰਤੀ ਸ਼ਰਮਾ ਅੱਜੋਵਾਲ, ਬੱਬੂ ਸੰਧੂ, ਗੁਰਪ੍ਰੀਤ ਸਿੰਘ, ਜਤਿੰਦਰ ਕੌਰ, ਗਿਆਨੀ ਸਰਬਜੀਤ ਸਿੰਘ ਘੁੜਾਮ, ਜੀਤ ਸਿੰਘ ਸੈਣੀ, ਹਰਿੰਦਰ ਸਿੰਘ ਗਿੱਲ ਜਲੰਧਰ ਆਦਿ ਵੀ ਹਾਜਰ ਸਨ।