– ਕਿਸਾਨਾਂ ਨੂੰ ਹੱਕ ਦੇਣ ਦੀ ਥਾਂ ਤਾਲੀਬਾਨੀ ਦੱਸਣਾ ਭਾਜਪਾ ਲਈ ਸ਼ਰਮਨਾਕ
ਮੁਕੇਰੀਆ —— ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਉਹ ਚੀਨੀ ਪਟਾਕਾ ਹੈ ਜਿਸ ਨੇ ਪੰਜਾਬ ਭਾਜਪਾ ਦੇ ਕੈਂਪ ਨੂੰ ਸਿਆਸੀ ਤੌਰ ਉੱਪਰ ਖੁਦ ਹੀ ਉੱਡਾ ਦੇਣਾ ਹੈ ਕਿਉਂਕਿ ਜਿਸ ਬੰਦੇ ਦਾ ਆਪਣੀ ਜੀਭ ’ਤੇ ਕੰਟਰੋਲ ਨਹੀਂ ਹੈ ਉਹ ਖੁਦ ਤਾਂ ਡੁੱਬਦਾ ਹੀ ਹੈ ਪਰ ਨਾਲ ਦੀ ਨਾਲ ਆਪਣੇ ਆਸਪਾਸ ਦੇ ਲੋਕਾਂ ਦਾ ਵੀ ਬੇੜਾ ਬਿਠਾ ਦਿੰਦਾ ਹੈ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਸ. ਸਰਬਜੋਤ ਸਿੰਘ ਸਾਬੀ ਵੱਲੋਂ ਕੀਤਾ ਗਿਆ ਤੇ ਅੱਗੇ ਕਿਹਾ ਗਿਆ ਕਿ ਪੰਜਾਬ ਦੇ ਜਿਨ੍ਹਾਂ ਕਿਸਾਨਾਂ ਨੇ ਦੇਸ਼ ਨੂੰ ਭੁੱਖਮਰੀ ਤੋਂ ਬਾਹਰ ਕੱਢਿਆ ਉਨ੍ਹਾਂ ਨੂੰ ਰਵਨੀਤ ਬਿੱਟੂ ਤਾਲੀਬਾਨੀ ਦੱਸ ਰਿਹਾ ਹੈ ਜੋ ਕਿ ਇਸਦੀ ਘਟੀਆ ਸੋਚ ਨੂੰ ਦਰਸਾਉਦਾ ਹੈ। ਸਰਬਜੋਤ ਸਾਬੀ ਨੇ ਕਿਹਾ ਕਿ ਪੁੱਠਾ-ਸਿੱਧਾ ਬੋਲ ਕੇ ਰਵਨੀਤ ਬਿੱਟੂ ਜਿਨ੍ਹਾਂ ਸਿਆਸੀ ਟੀਚਿਆਂ ਉੱਪਰ ਨਿਸ਼ਾਨੇ ਲਗਾ ਰਿਹਾ ਹੈ ਇਹੀ ਨਿਸ਼ਾਨੇ ਭਵਿੱਖ ਵਿੱਚ ਇਸਦੇ ਸਿਆਸੀ ਜੀਵਨ ਉੱਪਰ ਵਿਰਾਮ ਲਗਾਉਣਗੇ ਕਿਉਂਕਿ ਕਿਸੇ ਧਿਰ ਜਾਂ ਵਿਅਕਤੀ ਦੀ ਕਿਰਦਾਰਕੁਸ਼ੀ ਕਰਕੇ ਕੋਈ ਵੀ ਬਹੁਤਾ ਚਿਰ ਅੱਗੇ ਨਹੀਂ ਵੱਧ ਸਕਦਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮੰਡੀਆਂ ਵਿੱਚ ਝੋਨਾ ਲੈ ਕੇ ਰੁਲ ਰਹੇ ਕਿਸਾਨਾਂ ਦੇ ਦਰਦ ਨੂੰ ਸਮਝਣ ਵਿੱਚ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਨਾਕਾਮ ਰਹੀਆਂ ਹਨ ਤੇ ਉੱਪਰੋ ਰਵਨੀਤ ਬਿੱਟੂ ਨੇ ਇਸ ਦਰਦ ਨੂੰ ਹੋਰ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸਰਬਜੋਤ ਸਾਬੀ ਨੇ ਕਿਹਾ ਕਿ ਡੀ.ਏ.ਪੀ.ਖਾਦ ਦੀ ਕਿੱਲਤ, ਕਣਕ ਦਾ ਬੀਜ ਸਬਸਿਡੀ ਉੱਪਰ ਨਾ ਦੇਣਾ ਕੇਂਦਰ ਦੀ ਭਾਜਪਾ ਸਰਕਾਰ ਦੇ ਪੰਜਾਬ ਵਿਰੋਧੀ ਸਟੈਂਡ ਤੇ ਸੋਚ ਨੂੰ ਸਪੱਸ਼ਟ ਕਰਦੇ ਹਨ ਪਰ ਦੂਜੇ ਪਾਸੇ ਪੰਜਾਬ ਵਾਸੀਆਂ ਨੇ ਜਿਸ ਆਪ ਨੂੰ ਵੱਡੇ ਬਹੁਮਤ ਨਾਲ ਜਿਤਾਇਆ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਹੱਕ ਮੰਗਣ ਦੀ ਥਾਂ ਸਮਾਂ ਲੰਘਾ ਰਹੇ ਹਨ ਤੇ ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ਉੱਪਰ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਦਰਦ ਭਰੇ ਮਾਹੌਲ ਵਿੱਚ ਜਿਹੜੇ ਖੇਖਣ ਰਵਨੀਤ ਬਿੱਟੂ ਕਰ ਰਿਹਾ ਹੈ ਉਸ ਲਈ ਪੂਰੀ ਭਾਜਪਾ ਦੀ ਲੀਡਰਸ਼ਿਪ ਸਿੱਧੇ ਤੌਰ ਉੱਪਰ ਜ਼ਿੰਮੇਵਾਰ ਹੈ ਕਿਉਂਕਿ ਭਾਜਪਾ ਦੂਜੇ ਰਾਜਾਂ ਦੀ ਤਰ੍ਹਾਂ ਹੀ ਪੰਜਾਬ ਦੇ ਸਮਾਜ ਨੂੰ ਵਰਗਾਂ ਵਿੱਚ ਵੰਡਣ ਦੀ ਸਾਜਿਸ਼ ਕਰ ਰਹੀ ਹੈ ਤੇ ਇਸ ਸਾਜਿਸ਼ ਵਿੱਚ ਰਵਨੀਤ ਬਿੱਟੂ ਕੋਈ ਘੋੜਾ ਨਹੀਂ ਬਲਕਿ ਇੱਕ ਖੱਚਰ ਦੀ ਤਰ੍ਹਾਂ ਮਾਲਿਕ ਦਾ ਹੁਕਮ ਵਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਲੇਕਿਨ ਭਾਜਪਾ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬ ਤਾਂ ਵੱਸਦਾ ਹੀ ਗੁਰੂਆਂ ਦੇ ਨਾਮ ’ਤੇ ਹੈ ਤੇ ਇੱਥੇ ਦੇ ਭਾਈਚਾਰੇ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕੇਗਾ। ਸਰਬਜੋਤ ਸਾਬੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਤਾਂ ਜੋ ਵੰਡ ਪਾਉਣ ਵਾਲੀਆਂ ਸ਼ਕਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਮਾਜ ਦੇ ਦੂਜੇ ਵਰਗਾਂ ਦੀ ਤਰ੍ਹਾਂ ਪੰਜਾਬ ਦੀ ਕਿਸਾਨੀ ਨਾਲ ਖੜ੍ਹਾ ਹੈ ਤੇ ਕਿਸਾਨਾਂ ਦੇ ਹੱਕਾਂ ਲਈ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ।