ਦਾ ਐਡੀਟਰ ਨਿਊਜ਼, ਚੰਡੀਗੜ੍ਹ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ‘ਤੇ ਖਾਦ ਦੇ ਸੈਂਪਲ ਲੈਣ ਤੋਂ ਲੈ ਕੇ ਇਸਦੀ ਕੁਆਲਿਟੀ ਅਤੇ ਹੋਰਡਿੰਗ ਵਿਰੁੱਧ ਕਾਰਵਾਈ ਕਰਦਿਆਂ 91 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਖਾਦ ਦੇ ਨਮੂਨੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਖੇਤੀਬਾੜੀ ਵਿਭਾਗ ਵੱਲੋਂ ਪੰਜ ਉਡਣ ਦਸਤੇ ਟੀਮਾਂ ਦਾ ਗਠਨ ਮੰਡੀ ਵਿੱਚ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ, ਹੋਰਡਿੰਗ ਅਤੇ ਇਸ ਦਾ ਕੰਟਰੋਲ ਕੁਝ ਲੋਕਾਂ ਦੇ ਹੱਥਾਂ ਵਿੱਚ ਹੋਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ।
ਇਸ ਤੋਂ ਪਹਿਲਾਂ ਕਿਸਾਨਾਂ ਨੂੰ ਵਿੱਤੀ ਸ਼ੋਸ਼ਣ ਤੋਂ ਬਚਾਉਣ ਅਤੇ ਫ਼ਸਲ ਦਾ ਵਧੀਆ ਝਾੜ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਹਾੜ੍ਹੀ ਸੀਜ਼ਨ ਲਈ ਡੀ.ਏ.ਪੀ. ਅਤੇ ਹੋਰ ਖਾਦਾਂ, ਮਿਆਰੀ ਬੀਜਾਂ ਅਤੇ ਕੀਟਨਾਸ਼ਕਾਂ ਦੀ ਨਿਰਵਿਘਨ ਅਤੇ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਉੱਡਣ ਦਸਤਿਆਂ ਦੀਆਂ ਪੰਜ ਟੀਮਾਂ ਦਾ ਗਠਨ ਕੀਤਾ ਸੀ।
ਇਸ ਬਾਰੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਖਾਦਾਂ ਦੇ ਗੈਰ-ਕਾਨੂੰਨੀ ਭੰਡਾਰਨ, ਖਾਦਾਂ ਦੀ ਕਾਲਾਬਾਜ਼ਾਰੀ ਅਤੇ ਡੀ.ਏ.ਪੀ. ਤੇ ਹੋਰ ਖਾਦਾਂ ਨਾਲ ਬੇਲੋੜੇ ਕੈਮੀਕਲਾਂ ਦੀ ਟੈਗਿੰਗ ਖ਼ਿਲਾਫ਼ ਕਾਰਵਾਈ ਲਈ ਛਾਪੇ ਮਾਰੇ ਜਾਣਗੇ। ਇਹ ਟੀਮਾਂ ਸਪਲਾਈ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਖੇਤੀਬਾੜੀ ਨਾਲ ਸਬੰਧਤ ਵਸਤਾਂ ਦੇ ਮਿਆਰ ਨੂੰ ਕਾਇਮ ਰੱਖਣਗੀਆਂ ਅਤੇ ਨਿਯਮਤ ਜਾਂਚ ਤੇ ਨਮੂਨੇ ਰਾਹੀਂ ਗੁਣਵੱਤਾ ਨਿਯੰਤਰਣ ਨੂੰ ਯਕੀਨੀ ਬਣਾਉਣਗੀਆਂ।