ਦਾ ਐਡੀਟਰ ਨਿਊਜ਼, ਮੋਗਾ ——– ਪੰਜਾਬ ਪੁਲਿਸ ਦੀ ਕੋਰੋਨਾ ਵਾਰੀਅਰ ਰਹੀ ਲੇਡੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਗਰੇਵਾਲ ’ਤੇ ਨਸ਼ਾ ਤਸਕਰਾਂ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਸ ਦੇ ਨਾਲ-ਨਾਲ ਦੋ ਮੁਨਸ਼ੀਆਂ ਨੂੰ ਵੀ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਡੀ.ਐਸ.ਪੀ. ਵੱਲੋਂ ਕੀਤੀ ਗਈ ਸੀ ਅਤੇ ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਲੇਡੀ ਐਸਐਚਓ ਨੇ ਦੋ ਹੋਰ ਮੁਲਾਜ਼ਮਾਂ ਨਾਲ ਮਿਲ ਕੇ 3 ਨਸ਼ਾ ਤਸਕਰਾਂ ਨੂੰ ਫੜਿਆ ਹੈ। ਫਿਰ ਉਨ੍ਹਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ। ਹੁਣ ਤਿੰਨੋਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਦੋਸ਼ੀ ਮਹਿਲਾ ਐਸਐਚਓ ਕੋਰੋਨਾ ਦੇ ਦੌਰ ਵਿੱਚ ਫਰੰਟਲਾਈਨ ਵਾਰੀਅਰ ਵਜੋਂ ਮਸ਼ਹੂਰ ਹੋ ਗਈ ਸੀ। ਗਰੇਵਾਲ ਕੋਰੋਨਾ ਨਾਲ ਸੰਕਰਮਿਤ ਸੀ, ਪਰ ਉਹ ਇਸ ਤੋਂ ਠੀਕ ਹੋ ਕੇ ਵਾਪਸ ਆ ਗਈ। ਕੋਰੋਨਾ ਤੋਂ ਪੀੜਤ ਹੋਣ ਤੋਂ ਬਾਅਦ, ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਡੀਓ ਕਾਲ ‘ਤੇ ਉਨ੍ਹਾਂ ਦਾ ਹੌਸਲਾ ਵਧਾਇਆ ਸੀ।