ਕਿਹਾ, ਗੈਂਗਸਟਰਾਂ ਨੂੰ ਸੁਪਾਰੀ ਦੇ ਕੇ ਕੀਤੀ ਗਈ ਸੀ ਮੈਨੂੰ ਮਾਰ ਮੁਕਾਉਣ ਦੀ ਕੋਸ਼ਿਸ਼
ਚੰਡੀਗੜ/ਜਲੰਧਰ/ਹੁਸ਼ਿਆਰਪੁਰ। ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਨੇ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਨਾਲ ਸੰਬੰਧਤ ਦੋਆਬਾ ਖੇਤਰ ਦੇ ਦੋ ਸੀਨੀਅਰ ਵਿਧਾਇਕਾਂ (ਜਿਨਾਂ ਦੇ ਨਾਮ ਉਹ ਡੀਜੀਪੀ ਨੂੰ ਆਪਣੀ ਸ਼ਿਕਾਇਤ ਵਿਚ ਦੇ ਚੁੱਕੇ ਹਨ) ਉਤੇ ਸੰਗੀਨ ਇਲਜਾਮ ਲਗਾਏ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਦੋਵੇਂ ਵਿਧਾਇਕ ਉਨਾਂ ਨੂੰ ਜਾਨ ਤੋਂ ਮਰਵਾਉਣਾ ਚਾਹੁੰਦੇ ਹਨ। ਬਰਿਆਣਾ ਨੇ ਟਵੀਟ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਨਾਂ ਵਿਧਾਇਕਾਂ ਨੇ ਉਸ ਨੂੰ ਮਾਰ ਮੁਕਾਉਣ ਲਈ ਗੈਂਗਸਟਰਾਂ ਨੂੰ ਉਸ ਦੀ ਸੁਪਾਰੀ ਦਿੱਤੀ ਸੀ, ਉਨਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਨੂੰ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜਦੋਂ ਕਿ ਜੋ ਸ਼ਿਕਾਇਤ ਦਿੱਤੀ ਗਈ ਹੈ ਉਸ ਵਿਚ ਬਕਾਇਦਾ ਤੌਰ ’ਤੇ ਉਨਾਂ ਗੈਂਗਸਟਰਾਂ ਦੇ ਨਾਮ ਵੀ ਲਿਖੇ ਗਏ ਹਨ ਜਿਨਾਂ ਨੂੰ ਵਿਧਾਇਕਾਂ ਵੱਲੋਂ ਸੁਪਾਰੀ ਦਿੱਤੀ ਗਈ ਸੀ।
ਬਰਿਆਣਾ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸੱਤਾਧਾਰੀ ਧਿਰ ਦੇ ਇਨਾਂ ਵਿਧਾਇਕਾਂ ਤੋਂ ਆਪਣੀ ਜਾਨ ਮਾਲ ਦਾ ਖਤਰਾ ਹੈ ਕਿਉਂਕਿ ਉਹ ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਵੱਖ-ਵੱਖ ਅਦਾਰਿਆਂ ਵਿਚ ਬਤੌਰ ਪੱਤਰਕਾਰ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਤੇ ਉਨਾਂ ਕਈ ਵਾਰ ਬੇਬਾਕੀ ਨਾਲ ਇਨਾਂ ਵਿਧਾਇਕਾਂ ਦੇ ਖ਼ਿਲਾਫ਼ ਵੀ ਨਿਰਪੱਖ ਖ਼ਬਰਾਂ ਲਗਾਈਆਂ ਹਨ ਤੇ ਇਹੀ ਕਾਰਨ ਹੈ ਕਿ ਇਹ ਵਿਧਾਇਕ ਸੱਚ ਦੀ ਆਵਾਜ ਨੂੰ ਦਬਾਉਣਾ ਚਾਹੁੰਦੇ ਹਨ ਲੇਕਿਨ ਉਹ ਰੁਕਣਗੇ ਨਹੀਂ ਤੇ ਆਉਣ ਵਾਲੇ ਸਮੇਂ ਵਿਚ ਵੀ ਸੱਚ ਲੋਕਾਂ ਦੀ ਕਚਿਹਿਰੀ ਵਿਚ ਪੇਸ਼ ਕਰਦੇ ਰਹਿਣਗੇ। ਜਿਕਰਯੋਗ ਹੈ ਕਿ ਬਰਿਆਣਾ ਵੱਲੋਂ ਇਕ ਨਾਮਵਰ ਨਿੱਜੀ ਟੀ.ਵੀ ਚੈਨਲ ਲਈ ਕੁਝ ਸਾਲ ਪਹਿਲਾਂ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਆਈਪੀਐਸ ਸੁਮੇਧ ਸਿੰਘ ਸੈਣੀ ਦੀ ਇੰਟਰਵਿਊ ਵੀ ਕੀਤੀ ਸੀ, ਜਿਸ ਮੁੱਦੇ ਉਤੇ ਉਨਾਂ ਨੂੰ ਪੰਜਾਬ ਵਿਧਾਨ ਸਭਾ ਦੀ ਦਿ ਪਿ੍ਰਵਿਲੇਜ ਕਮੇਟੀ ਵਲੋਂ ਵੀ ਤਲਬ ਕੀਤਾ ਜਾ ਚੁੱਕਾ ਹੈ ਤੇ ਇਸ ਕਮੇਟੀ ਦੀ ਰਿਪੋਰਟ ਉਤੇ ਪੰਜਾਬ ਵਿਧਾਨ ਸਭਾ ਵਿੱਚ ਉਨਾਂ ਖਿਲਾਫ ਕਾਰਵਾਈ ਲਈ ਬਕਾਇਦਾ ਤੌਰ ਤੇ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ। ਬਰਿਆਣਾ ਨੇ ਕਿਹਾ ਹੈ ਕਿ ਉਹ ਤੇ ਉਨਾਂ ਦਾ ਪਰਿਵਾਰ ਲਗਾਤਾਰ ਖੌਫ ਦੇ ਸਾਏ ਹੇਠ ਹਨ ਅਤੇ ਜੇਕਰ ਉਨਾਂ ਨੂੰ ਕਿਸੇ ਵੀ ਤਰਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਦੋਆਬਾ ਖੇਤਰ ਦੇ ਦੋਵਾਂ ਵਿਧਾਇਕਾਂ ਸਮੇਤ ਇਸ ਮਾਮਲੇ ਦੀ ਜਾਂਚ ਵਿਚ ਲਾਪ੍ਰਵਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਵੇ। ਪੱਤਰਕਾਰ ਬਰਿਆਣਾ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਕਈ ਸੀਨੀਅਰ ਪੱਤਰਕਾਰਾਂ ਵੱਲੋਂ ਆਪਣੀ ਪ੍ਰਤੀਿਆ ਜਾਹਿਰ ਕਰਦੇ ਹੋਏ ਜਿੱਥੇ ਬਰਿਆਣਾ ਦੀ ਹਿਮਾਇਤ ਵਿਚ ਖੜਨ ਦਾ ਅਹਿਦ ਲਿਆ ਗਿਆ ਹੈ ਉੱਥੇ ਹੀ ਵਿਧਾਇਕਾਂ ਦੀ ਕਰਤੂਤ ਦੀ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬਰਿਆਣਾ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।