ਮੁਕਤਸਰ ਸਾਹਿਬ-ਗਿੱਦੜਬਾਹਾ ਤੋਂ ਐਮ. ਐਲ. ਏ ਰਾਜਾ ਵੜਿੰਗ ਬੁਰੀ ਤਰਾਂ ਫਸ ਗਏ ਹਨ, ਉਨਾਂ ਦਾ ਸਿੱਧਾ ਨਾਂ ਫ਼ਰੀਦਕੋਟ ਦੇ ਟਰਾਂਸਪੋਰਟਰ ਕਟਾਰੀਆ ਦੀ ਖੁਦਕੁਸ਼ੀ ਮਾਮਲੇ ਵਿੱਚ ਆਇਆ ਹੈ ਕਿਉਕਿ ਕਰਨ ਕਟਾਰੀਆ ਦੇ ਭਰਾ ਅੰਕਿਤ ਕਟਾਰੀਆ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਵਿਧਾਇਕ ਰਾਜਾ ਵੜਿੰਗ ਦਾ ਸਾਲਾ ਡੰਪੀ ਵਿਨਾਇਕ ਪਹਿਲਾ ਉਨਾਂ ਤੋਂ 1 ਕਰੋੜ 22 ਲੱਖ ਰੁਪਏ ਲੈ ਗਿਆ ਤੇ ਬਾਅਦ ਵਿਚ ਬਿਜਲੀ ਦੇ ਚੱਲ ਰਹੇ ਠੇਕਿਆਂ ਵਿਚੋ ਵੀ ਜਬਰਦਸਤੀ ਪੈਸੇ ਇਹ ਕਹਿ ਕੇ ਲੈਂਦਾ ਰਿਹਾ ਕਿ ਇਨਾਂ ਵਿਚ ਵਿਧਾਇਕ ਰਾਜਾ ਵੜਿੰਗ ਦਾ ਵੀ ਹਿੱਸਾ ਹੈ ਤੇ ਬਾਅਦ ਵਿਚ ਤਾਂ ਵੜਿੰਗ ਖੁਦ ਪੈਸੇ ਮੰਗਣ ਲੱਗ ਪਿਆ ਸੀ। ਉਨਾਂ ਅੱਗੇ ਦੱਸਿਆ ਕਿ ਜਦੋਂ ਵੀ ਉਸ ਦੇ ਭਰਾ ਨੇ ਇਨਾਂ ਲੋਕਾਂ ਕੋਲੋ ਪੈਸੇ ਵਾਪਿਸ ਮੰਗੇ ਤਾਂ ਅੱਗੋ ਧਮਕੀਆਂ ਹੀ ਮਿਲੀਆਂ ਜਿਸ ਤੋਂ ਤੰਗ ਆ ਕੇ ਉਸ ਦੇ ਭਰਾ ਨੇ ਖੁਦਕੁਸ਼ੀ ਕੀਤੀ ਹੈ, ਇਸ ਲਈ ਇਨਾਂ ਸਭ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਸ ਮਾਮਲੇ ਵਿਚ ਰਾਜਾ ਵੜਿੰਗ ਦਾ ਨਾਮ ਉਸ ਵਕਤ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜ਼ਹਿਰ ਉਗਲਦਿਆਂ ਦਿੱਤੇ ਭਾਸ਼ਣ ਵਿੱਚ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਕੰਮਾ ਕਹਿੰਦਿਆਂ ਇਹ ਗੱਲ ਕਹਿ ਦਿੱਤੀ ਸੀ ਕਿ ਉਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ।
ਪਤਾ ਲੱਗਾ ਹੈ ਕਿ ਦੂਸਰੇ ਦਿਨ ਹੀ ਖੁਦਕੁਸ਼ੀ ਮਾਮਲੇ ਵਿੱਚ ਨਾਮ ਆਉਣ ’ਤੇ ਅਖੌਤੀ ਰਾਜਾ ਦੂਸਰੇ ਰਾਜੇ ਦੇ ਪੈਰੀਂ ਡਿੱਗ ਪਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਾ ਵੜਿੰਗ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮੇਂ ਦੀ ਮੰਗ ਕਰ ਰਿਹਾ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਜੇ ਨੂੰ ਮਿਲਣ ਤੋਂ ਸਾਫ ਮਨਾ ਕਰ ਦਿੱਤਾ ਹੈ, ਉੱਥੇ ਇਸ ਤੋਂ ਪਹਿਲਾਂ ਰਾਜੇ ਦੇ ਸਾਲੇ ਡੰਪੀ ਦੇ ਖਿਲਾਫ ਪਹਿਲਾਂ ਹੀ ਤਿੱਨ ਸੌ ਛੇ ਦਾ ਮਾਮਲਾ ਦਰਜ ਹੋ ਚੁੱਕਾ ਹੈ, ਫਰੀਦਕੋਟ ਪੁਲਸ ਨੇ ਰਾਜੇ ਨੂੰ ਅਜੇ ਤੱਕ ਇਸ ਕੇਸ ਵਿੱਚ ਨਾਮਜਦ ਨਹੀਂ ਕੀਤਾ ਹੈ, ਪੀੜਤ ਪੱਖ ਜਲਦੀ ਹੀ ਇਸ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕਰਨ ਜਾ ਰਿਹਾ ਹੈ। ਮਿ੍ਰਤਕ ਦੇ ਭਰਾ ਅੰਕਿਤ ਕਟਾਰੀਆ ਨੇ ਦਰਜ ਕਰਵਾਈ ਐੱਫਆਈਆਰ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਰਾਜਾ ਵੜਿੰਗ ਆਪਣੇ ਸਾਲੇ ਰਾਹੀਂ ਕਰੋੜਾਂ ਰੁਪਏ ਦੀ ਕਟਾਰੀਆ ਤੋਂ ਮੰਗ ਕਰ ਰਿਹਾ ਸੀ, ਉੱਥੇ ਹੀ ਅਕਾਲੀ ਦਲ ਦੇ ਨੇਤਾ ਡਿੰਪੀ ਢਿੱਲੋਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦਾ ਪ੍ਰਮੁੱਖ ਮੁਲਜਿਮ ਰਾਜਾ ਵੜਿੰਗ ਹੈ ਅਤੇ ਇਸ ਨੂੰ ਜਲਦੀ ਹੀ ਇਸ ਕੇਸ ਵਿੱਚ ਨਾਮਜਦ ਕੀਤਾ ਜਾਵੇ ਤੇ ਜੇਕਰ ਸਰਕਾਰ ਨੇ ਰਾਜੇ ਪ੍ਰਤੀ ਕੋਈ ਵੀ ਢਿੱਲ ਵਰਤੀ ਤਾਂ ਉਸ ਦੇ ਨਤੀਜਿਆਂ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ।