ਦਾ ਐਡੀਟਰ ਨਿਊਜ਼, ਫਾਜ਼ਿਲਕਾ —– ਫਾਜ਼ਿਲਕਾ ਦੀ ਭੈਰੋਂ ਬਸਤੀ ‘ਚ ਇਕ ਲੜਕੀ ਦੇ ਚੱਕਰ ‘ਚ ਆਪਣੇ ਵੱਡੇ ਭਰਾ ਦਾ ਕਤਲ ਕਰਨ ਵਾਲੇ ਛੋਟੇ ਭਰਾ ਨੂੰ ਪੁਲਸ ਨੇ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ, ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਾਤਲ ਦਾ ਕਹਿਣਾ ਹੈ ਕਿ ਲੜਕੀ ਉਸ ਦੀ ਭਾਬੀ ਸੀ ਨਾ ਕਿ ਉਸ ਦੀ ਸਹੇਲੀ ਪਰ ਉਸ ਦੇ ਭਰਾ ਨੇ ਉਸ ਨੂੰ ਗਲਤ ਸਮਝਿਆ।
ਐਸਪੀ ਇਨਵੈਸਟੀਗੇਸ਼ਨ ਪ੍ਰਦੀਪ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੀ ਭੈਰੋਂ ਬਸਤੀ ਵਿੱਚ ਇੱਕ ਲੜਕੀ ਨੂੰ ਲੈ ਕੇ ਦੋ ਭਰਾਵਾਂ ਵਿੱਚ ਹੋਏ ਝਗੜੇ ਦੌਰਾਨ ਭੈਰੋਂ ਬਸਤੀ ਵਾਸੀ ਅਜੈ ਕੁਮਾਰ ਨੇ ਆਪਣੇ ਵੱਡੇ ਭਰਾ ਸ਼ਿਵਮ ਦਾ ਕਤਲ ਕਰ ਦਿੱਤਾ ਸੀ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਟਰੇਨ ‘ਚ ਸਵਾਰ ਹੋ ਕੇ ਹਰਿਆਣਾ ਦੇ ਸਿਰਸਾ ਪਹੁੰਚ ਗਿਆ। ਪੁਲੀਸ ਵੱਲੋਂ ਕਾਤਲ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਸਨ, ਜਿਸ ਨਾਲ ਪੁਲੀਸ ਨੇ ਮੁਲਜ਼ਮ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਐਸਪੀ ਦਾ ਕਹਿਣਾ ਹੈ ਕਿ ਇੱਕ ਲੜਕੀ ਦੋਵਾਂ ਭਰਾਵਾਂ ਦੇ ਸੰਪਰਕ ਵਿੱਚ ਸੀ ਅਤੇ ਇਸੇ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਝਗੜਾ ਹੋਇਆ ਸੀ, ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਭਰਾ ਸ਼ਰਾਬੀ ਸਨ ਅਤੇ ਲੜਕੀ ਨੂੰ ਲੈ ਕੇ ਉਨ੍ਹਾਂ ਵਿੱਚ ਲੜਾਈ ਹੋਈ ਸੀ। ਇਸ ਦੌਰਾਨ ਛੋਟੇ ਭਰਾ ਅਜੈ ਨੇ ਆਪਣੇ ਵੱਡੇ ਭਰਾ ਸ਼ਿਵਮ ਨੂੰ ਧੱਕਾ ਦੇ ਦਿੱਤਾ ਜੋ ਘਰ ਦੇ ਅੰਦਰ ਪਏ ਪੱਥਰ ‘ਤੇ ਡਿੱਗ ਗਿਆ। ਸਿਰ ‘ਤੇ ਸੱਟ ਲੱਗਣ ਕਾਰਨ ਸ਼ਿਵਮ ਦੀ ਮੌਤ ਹੋ ਗਈ।
ਫਿਲਹਾਲ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਹਾਲਾਂਕਿ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਝਗੜੇ ਦਾ ਕਾਰਨ ਬਣੀ ਲੜਕੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਦੂਜੇ ਪਾਸੇ ਮੁਲਜ਼ਮ ਅਜੈ ਦਾ ਕਹਿਣਾ ਹੈ ਕਿ ਉਹ ਉਸ ਨੂੰ ਭਾਬੀ ਸਮਝਦਾ ਸੀ ਪਰ ਹੁਣ ਉਸ ਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਹੈ।