ਦਾ ਐਡੀਟਰ ਨਿਊਜ਼, ਜਲੰਧਰ ——– ਗਜਟਿਡ ਐਂਡ ਨਾਨ ਗਜਟਿਡ ਐਸ.ਸੀ/ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਵਾਇਸ ਚੇਅਰਮੈਨ ਬਲਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਨਾਨਕ ਦੇਵ ਜਿਲ੍ਹਾ ਲਾਇਬ੍ਰੇਰੀ ਜਲੰਧਰ ਵਿਖੇ ਹੋਈ। ਮੀਟਿੰਗ ਦੌਰਾਨ ਆਪਸੀ ਵਿਚਾਰ ਵਟਾਂਦਰੇ ਉਪਰੰਤ ਜਿਲ੍ਹਾ ਕਮੇਟੀ ਦੀਆਂ ਚੋਣਾਂ 19 ਤੋਂ 25 ਅਗਸਤ ਤੱਕ ਕਰਵਾਉਣ ਬਾਰੇ ਸਹਿਮਤੀ ਪ੍ਰਗਟਾਈ ਗਈ। ਇਸ ਤੋਂ ਇਲਾਵਾ 1 ਅਗਸਤ 2024 ਨੂੰ ਐਸ.ਸੀ/ਐਸ.ਟੀ. ਵਰਗ ਦੀ ਸਬ-ਕਲਾਸੀਫਿਕੇਸ਼ਨ ਅਤੇ ਰਾਖਵਾਂਕਰਨ ਸਬੰਧੀ 7 ਜੱਜਾਂ ਦੇ ਸੰਵਿਧਾਨਕ ਬੈਂਚ ਵਲੋਂ ਕੀਤੇ ਫੈਸਲੇ ‘ਤੇ ਵਿਸਥਾਰ ਵਿਚ ਪੜਚੋਲ ਚਰਚਾ ਕਰਨ ਉਪਰੰਤ ਇਸ ਫੈਸਲੇ ਨੂੰ ਗੈਰ ਸੰਵਿਧਾਨਕ ਅਤੇ ਭਾਰਤੀ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਕਰਾਰ ਦਿੰਦੇ ਹੋਏ ਫੈਸਲੇ ਵਿਰੁੱਧ ਜਮੀਨੀ ਪੱਧਰ ‘ਤੇ ਸੰਘਰਸ਼ ਲਈ ਸੂਬਾ ਪੱਧਰ ਅਤੇ ਭਾਰਤ ਪੱਧਰ ਤੇ ਆਪਣੇ ਝੰਡੇ ਅਤੇ ਡੰਡੇ ਸਮੇਤ ਸ਼ਾਂਤੀ ਪੂਰਵਕ ਢੰਗ ਨਾਲ ਸ਼ਮੂਲੀਅਤ ਦੀ ਹਾਮੀ ਭਰੀ ਗਈ।
ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 341 ਅਧੀਨ ਜੋ ਸ਼ਕਤੀਆਂ ਪਾਰਲੀਮੈਂਟ ਅਤੇ ਰਾਸ਼ਟਰਪਤੀ ਕੋਲ ਹਨ, ਉਹ 16(4) ਦੇ ਅਧੀਨ ਰਾਜ ਸਰਕਾਰ ਨੂੰ ਦੇਣਾ ਗਲਤ ਹੀ ਨਹੀਂ ਸਗੋਂ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਬੇਲੋੜੀ ਤਕਰਾਰ ਪੈਦਾ ਕਰਨ ਦੀ ਕੋਸ਼ਿਸ਼ ਹੈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਗਈ ਕਿ ਉਹ ਦਿੱਲੀ ਦੇ ਆਪਣੇ ਆਕਾਵਾਂ ਦੇ ਅਧੀਨ ਇਸ ਨਿਰਾਧਾਰ ਫੈਸਲੇ ਨੂੰ ਲਾਗੂ ਕਰਨ ਦੀ ਗਲਤੀ ਨਾ ਕਰੇ, ਨਹੀਂ ਤਾਂ ਫੈਸਲੇ ਵਿਰੁੱਧ ਸਮਾਜ ਪੂਰੇ ਅਕਰੋਸ਼ ਨਾਲ ਸੜਕਾਂ ‘ਤੇ ਉਤਰ ਕੇ ਸਰਕਾਰ ਦੀਆਂ ਚੂਲਾਂ ਹਿਲਾਉਣ ਲਈ ਤਿਆਰ ਹੈ। ਆਗੂਆਂ ਨੇ ਕਿਹਾ ਕਿ ਇਹ ਫੈਸਲਾ ਸਮਾਜ ਨੂੰ ਆਪਸ ਵਿਚ ਲੜਾਉਣ, ਭੰਬਲਭੂਸਾ ਫੈਲਾਉਣ, ਵੰਡੀਆਂ ਪਾਉਣ, ਰਾਖਵਾਂਕਰਨ ਨੂੰ ਲੰਬੇ ਸਮੇਂ ਤੱਕ ਖੋਰਾ ਲਾਉਣ ਦਾ ਹੀ ਕੰਮ ਕਰੇਗਾ।

ਉਹਨਾਂ ਕਿਹਾ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਸਾਲ 1975 ਤੋਂ ਸਾਢੇ ਬਾਰਾਂ-ਸਾਢੇ ਬਾਰਾਂ ਦੇ ਹਿਸਾਬ ਨਾਲ ਰਾਖਵੇਂਕਰਨ ਦੀ ਵੰਡ ਚੱਲ ਰਹੀ ਹੈ ਅਤੇ ਸਮੁੱਚੇ ਐਸ.ਸੀ. ਸਮਾਜ ਵਿਚ ਭਾਈਚਾਰਕ ਸਾਂਝ ਕਾਇਮ ਹੈ। ਇਸ ਲਈ ਸਾਨੂੰ ਛੋਟੇ ਮੋਟੇ ਵਖਰੇਵਿਆਂ ਤੋਂ ਉੱਪਰ ਉੱਠ ਕੇ 40 ਫੀਸਦੀ ਆਬਾਦੀ ਅਨੁਸਾਰ ਰਾਖਵਾਂਕਰਨ ਲੈਣ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਤਿੱਖਾ ਤੇ ਲੰਬਾ ਸੰਘਰਸ਼ ਵਿੱਢਣ ਲਈ ਤਿਆਰ ਹੋਣਾ ਚਾਹੀਦਾ ਹੈ। ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਅਤੇ ਵਾਇਸ ਚੇਅਰਮੈਨ ਬਲਰਾਜ ਕੁਮਾਰ ਨੇ ਕਿਹਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹਲ ਜਾਤ ਅਧਾਰਤ ਮਰਦਮਸ਼ਮਾਰੀ ਹੈ। ਕੇਂਦਰ ਤੇ ਸੁਬਾਈ ਸਰਕਾਰਾਂ ਨੂੰ ਇਹ ਮਰਦਮਸ਼ਮਾਰੀ ਕਰਵਾ ਕੇ ਆਪਣੇ ਸੰਵਿਧਾਨਕ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਇਸ ਮੁੱਦੇ ‘ਤੇ ਦੇਸ਼ ਵਿਆਪੀ ਅੰਦੋਲਨ ਰਾਹੀਂ ਸਰਕਾਰਾਂ ਨੂੰ ਮਜਬੂਰ ਕਰਨ ਦੀ ਵਿਉਂਤਬੰਦੀ ਵੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਮੁੱਖ ਪ੍ਰੈਸ ਸਕੱਤਰ ਸਲਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਮੀਟਿੰਗ ਵਿਚ ਬਲਦੇਵ ਸਿੰਘ ਧੁੱਗਾ, ਮੱਖਣ ਰੱਤੂ, ਜੱਗਾ ਸਿੰਘ, ਮਨੋਹਰ ਲਾਲ, ਸੁਭਾਸ਼ ਚੰਦਰ, ਬੂਟਾ ਮਾਹਿਲ, ਸਤਵੰਤ ਸਿੰਘ ਟੂਰਾ, ਸੁਖਵਿੰਦਰ ਸਿੰਘ ਕਾਲੀ, ਅਸ਼ਵਨੀ ਕੁਮਾਰ, ਹਰਬੰਸ ਲਾਲ ਵਿਰਕ, ਹਰਪਾਲ ਸਿੰਘ ਮਲਕਾਣਾ, ਰਾਜ ਸਿੰਘ, ਥਾਣੇਦਾਰ ਮਲੇਰਕੋਟਲਾ, ਸ਼ਸ਼ੀ, ਜਸਪਾਲ ਭੁੰਗਾ, ਜਸਵੀਰ, ਮਨਜੀਤ ਗਾਟ, ਗਿਆਨ ਚੰਦ ਵਾਹਦ, ਹਰਮੇਸ਼ ਲਾਲ, ਅਮਰੀਕ ਸਿੰਘ, ਜਰਨੈਲ ਸਿੰਘ, ਬੋਧ ਮੱਲ, ਰਾਮ ਦਾਸ, ਹਰਮੇਸ਼ ਰਾਹੀ, ਸੁਰੇਸ਼ ਕੁਮਾਰ, ਸੁਖਵੰਤ ਸਿੰਘ, ਬੂਟਾ ਮਸਾਣੀ, ਬਲਵਿੰਦਰ ਸਿੰਘ, ਸਤੀਸ਼ ਕੁਮਾਰ ਆਦਿ ਹਾਜਰ ਸਨ।