ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —– ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਥਾਣਾ ਦੇਹਰਾ ਦੀ ਪੁਲਿਸ ਵੱਲੋਂ ਚੋਰੀ ਦੇ ਇੱਕ ਮਾਮਲੇ ਵਿੱਚ ਹੁਸ਼ਿਆਰਪੁਰ ਸ਼ਹਿਰ ਵਿੱਚ ਚੋਰੀ ਦੇ ਗਹਿਣੇ ਖਰੀਦਣ ਵਾਲੇ ਸੁਨਿਆਰੇ ਦੀ ਦੁਕਾਨ ਉੱਪਰ ਕੀਤੀ ਗਈ ਰੇਡ ਦੌਰਾਨ ਚੋਰੀ ਦੇ ਗਹਿਣੇ ਖਰੀਦਣ ਵਾਲਾ ਸੁਨਿਆਰਾ ਤਾਂ ਪੁਲਿਸ ਦੇ ਹੱਥ ਨਹੀ ਲੱਗਾ ਲੇਕਿਨ ਉਸ ਸੁਨਿਆਰੇ ਦੀ ਮਦਦ ਕਰਨ ਦੁਕਾਨ ਉੱਪਰ ਪੁੱਜੇ ਹੁਸ਼ਿਆਰਪੁਰ ਵਾਸੀ ਆਸ਼ੂਤੋਸ਼ ਸ਼ਰਮਾ ਨੂੰ ਥਾਣਾ ਸਿਟੀ ਤੇ ਹਿਮਾਚਲ ਪੁਲਿਸ ਖਿੱਚ ਕੇ ਲੈ ਗਈ ਕਿਉਂਕਿ ਆਸ਼ੂਤੋਸ਼ ਸ਼ਰਮਾ ਉੇੱਪਰ ਪੁਲਿਸ ਦੀ ਕਾਰਵਾਈ ਵਿੱਚ ਵਿਘਨ ਪਾਉਣ ਤੇ 40-50 ਹਜਾਰ ਰੁਪਏ ਲੈ ਕੇ ਮਾਮਲਾ ਸੈਂਟਲ ਕਰਨ ਦੇ ਪੁਲਿਸ ਨੇ ਦੋਸ਼ ਲਗਾਏ।
ਜਿਸ ਸਮੇਂ ਹਿਮਾਚਲ ਪੁਲਿਸ ਨੂੰ ਕਥਿਤ ਤੌਰ ’ਤੇ ਆਸ਼ੂਤੋਸ਼ ਸ਼ਰਮਾ ਨੇ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ, ਉਸ ਉਪਰੰਤ ਪੁਲਿਸ ਵੱਲੋਂ ਆਸ਼ੂਤੋਸ਼ ਨੂੰ ਵੀ ਗ੍ਰਿਫਤਾਰ ਕਰਨ ਦੀ ਗੱਲ ਕਹਿਣ ਪਿੱਛੋਂ ਆਸ਼ੂਤੋਸ਼ ਨੇ ਮੌਕੇ ਉੱਪਰ ਆਪਣੇ ਕੁਝ ਸਾਥੀ ਬੁਲਾ ਲਏ, ਜਿਸ ਪਿੱਛੋਂ ਇਕੱਠੇ ਹੋਏ ਲੋਕਾਂ ਵੱਲੋਂ ਹਿਮਾਚਲ ਪੁਲਿਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ, ਇਸ ਸਭ ਦੇਖਦੇ ਹੋਏ ਹਿਮਾਚਲ ਪੁਲਿਸ ਵੱਲੋਂ ਥਾਣਾ ਸਿਟੀ ਦੀ ਪੁਲਿਸ ਨੂੰ ਮੌਕੇ ਉੱਪਰ ਮਦਦ ਲਈ ਬੁਲਾਇਆ, ਜਿਸ ਪਿੱਛੋਂ ਦੋਵਾਂ ਰਾਜਾਂ ਦੀ ਪੁਲਿਸ ਆਸ਼ੂਤੋਸ਼ ਨੂੰ ਖਿੱਚ ਕੇ ਮੌਕੇ ਉੱਪਰੋਂ ਲੈ ਗਈ। ਜਦੋਂ ਕਿ ਆਸ਼ੂਤੋਸ਼ ਪੁਲਿਸ ਤੋਂ ਮੰਗ ਕਰ ਰਿਹਾ ਸੀ ਕੇ ਜੇਕਰ ਉਸ ਨੂੰ ਲਿਜਾਣਾ ਹੈ ਤਾਂ ਚੁੱਕ ਕੇ ਲਿਜਾਇਆ ਜਾਵੇ ਪਰ ਪੁਲਿਸ ਨੇ ਗੱਲ ਮੰਨੀ ਨਹੀ। ਹਿਮਾਚਲ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਖਿਲਾਫ ਹਿਮਾਚਲ ਪੁਲਿਸ ਮਾਮਲਾ ਦਰਜ ਕਰੇਗੀ ਜਦੋਂ ਕਿ ਦੂਜੇ ਪਾਸੇ ਆਸ਼ੂਤੋਸ਼ ਮੌਕੇ ਉੱਪਰ ਹੀ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਾ ਰਿਹਾ ਤੇ ਕਹਿੰਦਾ ਰਿਹਾ ਕਿ ਉਸਨੇ ਕਿਸੇ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਕੀਤੀ। ਹਿਮਾਚਲ ਪੁਲਿਸ ਨੇ ਦੱਸਿਆ ਕਿ ਅਸੀਂ ਹਿਮਾਚਲ ਵਿੱਚ ਇੱਕ ਚੋਰ ਗਿਰੋਹ ਫੜਿਆ ਹੈ ਜਿਸ ਦੀ ਨਿਸ਼ਾਨਦੇਹੀ ਉੱਪਰ ਹੀ ਹੁਸ਼ਿਆਰਪੁਰ ‘ਚ ਉਸ ਸੁਨਿਆਰੇ ਨੂੰ ਗ੍ਰਿਫਤਾਰ ਕਰਨ ਪੁੱਜੇ ਸਨ ਜੋ ਕਿ ਚੋਰੀ ਦਾ ਸੋਨਾ ਖਰੀਦਦਾ ਹੈ।

ਇਸ ਸਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਦੇਹਰਾ ਥਾਣਾ ਦੇ ਐਸਐਚਓ ਸੁਰਜੀਤ ਸਿੰਘ ਦੇ ਬਿਆਨਾਂ ਤੇ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਆਸ਼ੂਤੋਸ਼ ਸ਼ਰਮਾ ਦੇ ਖਿਲਾਫ ਬੀਐਨਐਸ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਹਿਮਾਚਲ ਤੇ ਥਾਣਾ ਦੇਹਰਾ ਦੇ ਐਸਐਚਓ ਸੁਰਜੀਤ ਸਿੰਘ ਨੇ ਬਿਆਨ ਦਿੱਤੇ ਹਨ ਕਿ ਆਸ਼ੂਤੋਸ਼ ਨੇ ਹਾਂਡਾ ਜਿਊਲਰ ਵਿਖੇ ਪਹੁੰਚ ਕੇ ਜਿੱਥੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਥੇ ਹੀ ਭੀੜ ਇਕੱਠੀ ਕਰਕੇ ਹਿਮਾਚਲ ਪੁਲਿਸ ਦੇ ਮੁਲਾਜ਼ਮਾਂ ਨਾਲ ਖਿੱਚ ਧੂ ਅਤੇ ਉਨਾਂ ਦੀ ਵਰਦੀ ਪਾੜਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਅਸੀਂ ਸਾਰੇ ਗਹਿਣੇ ਹਜਮ ਕਰ ਲਏ ਨੇ ਤੁਸੀਂ ਜਿਹੜਾ 40-50 ਹਜ਼ਾਰ ਰੁਪਿਆ ਲੈਣਾ ਲੈ ਕੇ ਤਿੱਤਰ ਹੋਵੋ।
ਪਤਾ ਲੱਗਾ ਹੈ ਕਿ ਆਸ਼ੂਤੋਸ਼ ਦੀ ਹਿਮਾਚਲ ਦੀ ਅਦਾਲਤ ਵਿੱਚ ਵੀ ਚੰਗੀ ਖਿਚਾਈ ਹੋਈ ਹੈ ਅਤੇ ਜਦ ਆਸੂਤੋਸ਼ ਨੂੰ ਉੱਥੇ ਪੇਸ਼ ਕੀਤਾ ਤਾਂ ਉਸ ਨੇ ਜ਼ਮਾਨਤ ਦੀ ਮੰਗ ਕੀਤੀ ਤਾਂ ਅੱਗੋਂ ਜੱਜ ਨੇ ਕਿਹਾ ਕਿ ਜ਼ਮਾਨਤ ਉਸ ਵਕਤ ਮਿਲੇਗੀ ਜਦ ਸਾਰੇ ਗਹਿਣੇ ਬਰਾਮਦ ਕਰਵਾ ਦਿੱਤੇ ਜਾਣ। ਉੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਥਾਣਾ ਦੇਹਰਾ ਦੇ ਐਸ ਐਚ ਓ ਨੇ ਅਦਾਲਤ ਵਿੱਚ ਇਹ ਬਿਆਨ ਦਿੱਤੇ ਹਨ ਕਿ ਆਸ਼ੂਤੋਸ਼ ਨੇ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਹਿਮਾਚਲ ਪੁਲਿਸ ਆਸ਼ੂਤੋਸ਼ ਦੇ ਖਿਲਾਫ ਰਿਸ਼ਵਤ ਖੋਰੀ ਦਾ ਮਾਮਲਾ ਵੀ ਦਰਜ ਕਰ ਸਕਦੀ ਹੈ, ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਆਸੂਤੋਸ਼ ਪਹਿਲਾਂ ਹੀ ਕਚਹਿਰੀਆਂ ਦੇ ਚੌਂਕ ਵਿੱਚ ਭਗਵਾਨ ਪਰਸੂਰਾਮ ਦੀ ਪ੍ਰਤਿਮਾ ਬਣਾਉਣ ਦੇ ਮਾਮਲੇ ਵਿੱਚ ਵਿਵਾਦ ਵਿੱਚ ਫਸਿਆ ਹੋਇਆ ਹੈ ਕਿਉਂਕਿ ਲੱਖਾਂ ਰੁਪਿਆ ਖਰਚ ਹੋਣ ਦੇ ਬਾਵਜੂਦ ਵੀ ਉਹ ਮੂਰਤੀ ਅਜੇ ਤੱਕ ਨਹੀਂ ਬਣ ਸਕੀ। ਇਸ ਸਬੰਧੀ ਕੁਝ ਲੋਕਾਂ ਨੇ ਇਸ ਮੂਰਤੀ ਕਾਂਡ ਦੀ ਵੀ ਜਾਂਚ ਮੰਗੀ ਹੈ।