– ਮੁਕਤਸਰ ਸਾਹਿਬ ‘ਚ ਤਾਇਨਾਤ ਸੀ ਨਵਜੋਤ ਸਿੰਘ
ਦਾ ਐਡੀਟਰ ਨਿਊਜ਼, ਬਠਿੰਡਾ —— ਬਠਿੰਡਾ ਵਿੱਚ ਦੇਰ ਰਾਤ ਵਾਪਰੇ ਇੱਕ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਦਿਓਣ ਦੇ ਬੱਸ ਅੱਡੇ ਨੇੜੇ ਪੁਲੀਸ ਮੁਲਾਜ਼ਮ ਦੀ ਬੋਲੈਰੋ ਕਾਰ ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਕਾਂਸਟੇਬਲ ਨਵਜੋਤ ਸਿੰਘ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਨਵਜੋਤ ਸਿੰਘ ਉਰਫ ਮਟਰੂ ਸੀਨੀਅਰ ਕਾਂਸਟੇਬਲ ਐਮ.ਟੀ ਸੈਕਸ਼ਨ ਸ੍ਰੀ ਮੁਕਤਸਰ ਸਾਹਿਬ ਬੀਤੀ ਰਾਤ ਕਰੀਬ 12 ਵਜੇ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਦਿਓਣ ਕੋਲ ਪਹੁੰਚਿਆ ਤਾਂ ਉਸਦੀ ਬੋਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਵੱਡਾ ਨਿੰਮ ਦਾ ਦਰੱਖਤ ਵੀ ਨੁਕਸਾਨਿਆ ਗਿਆ। ਜਦੋਂ ਗੱਡੀ ਨਿੰਮ ਦੇ ਦਰੱਖਤ ਨਾਲ ਟਕਰਾ ਗਈ ਤਾਂ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ।
ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਵਾਸੀਆਂ ਨੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਗੰਭੀਰ ਰੂਪ ‘ਚ ਜ਼ਖਮੀ ਹੌਲਦਾਰ ਨਵਜੋਤ ਸਿੰਘ ਨੂੰ ਬੋਲੈਰੋ ‘ਚੋਂ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਉਰਫ਼ ਮਟਰੂ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਐਮਟੀ ਸੈਕਸ਼ਨ ਵਿੱਚ ਤਾਇਨਾਤ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।