ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——— ਵੈਸੇ ਤਾਂ ਸਿੱਖਿਆ ਵਿਭਾਗ ਦੇ ਵਿਲੱਖਣ ਕਿੱਸੇ ਅਕਸਰ ਸਾਹਮਣੇ ਆਉਂਦੇ ਹਨ ਲੇਕਿਨ ਜਿਸ ਕਿਸੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ਾਇਦ ਹੀ ਕਦੀ ਸਿੱਖਿਆ ਵਿਭਾਗ ਵਿੱਚ ਅਜਿਹਾ ਵਾਪਰਿਆ ਹੋਵੇ ਕਿ ਕਿਸੇ ਹੇਠਲੇ ਪੱਧਰ ਦੇ ਅਧਿਕਾਰੀ ਨੇ ਸਿੱਖਿਆ ਮੰਤਰੀ ਨੂੰ ਝੂਠ ਹੀ ਨਹੀਂ ਬੋਲਿਆ ਬਲਕਿ ਸਾਰਿਆਂ ਦੇ ਸਾਹਮਣੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬੇਵਕੂਫ ਤੱਕ ਬਣਾ ਦਿੱਤਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਤੋਂ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਦੀ ਵੰਡ ਬਾਰੇ ਪੁੱਛ ਰਹੇ ਹਨ ਅਤੇ ਨਾਲ ਹੀ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਵਿੱਚ ਹੀ ਹੁਸ਼ਿਆਰਪੁਰ ਦੇ ਸਿੱਖਿਆ ਅਧਿਕਾਰੀ ਮੰਤਰੀ ਬੈਂਸ ਨੂੰ ਭਰੋਸਾ ਦੇ ਰਹੇ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 100 ਫੀਸਦੀ ਸਕੂਲਾਂ ਵਿੱਚ ਬੱਚਿਆਂ ਦੀਆਂ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ।


ਡਿਪਟੀ ਡੀ ਓ ਸੁਖਵਿੰਦਰ ਸਿੰਘ ਨੇ ਬਣਾਇਆ ਮੰਤਰੀ ਨੂੰ ਬੇਵਕੂਫ
ਇਸ ਦੌਰਾਨ ਜਦ ਇਸ ਸਾਰੀ ਘਟਨਾ ਦੀ ਦਾ ਐਡੀਟਰ ਨਿਊਜ਼ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਹੁਸ਼ਿਆਰਪੁਰ ਦੇ ਸਕੂਲਾਂ ਵਿੱਚ ਅਜੇ ਤੱਕ 50 ਫੀਸਦੀ ਤੱਕ ਵੀ ਵਰਦੀਆਂ ਬੱਚਿਆਂ ਨੂੰ ਨਹੀਂ ਵੰਡੀਆਂ ਗਈਆਂ ਜਦ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਕੂਲਾਂ ਨੂੰ ਬੱਚਿਆਂ ਦੀਆਂ ਵਰਦੀਆਂ ਲਈ ਜ਼ਿਲ੍ਹੇ ਵਿੱਚ ਗਰਾਂਟ ਦਿੱਤੀ ਗਈ ਸੀ ਅਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਹੁਸ਼ਿਆਰਪੁਰ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 30 ਜੁਲਾਈ ਨੂੰ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦੀ ਜਦ ਮੀਟਿੰਗ ਲਈ ਜਾ ਰਹੀ ਸੀ ਤਾਂ ਉਹਨਾਂ ਨੇ ਉੱਥੇ ਮੌਜੂਦ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਜਿਨਾਂ ਵਿੱਚ ਡੀਈਓ (ਸੈਕਡਰੀ) ਸ੍ਰੀਮਤੀ ਲਲਿਤਾ ਕੁਮਾਰੀ ਡੀਈਓ (ਐਲੀਮੈਂਟਰੀ) ਹਰਜਿੰਦਰ ਸਿੰਘ ਡਿਪਟੀ ਡੀਈਓ (ਸਕੈਂਡਰੀ) ਸੁਖਵਿੰਦਰ ਸਿੰਘ ਅਤੇ ਡਿਪਟੀ ਡੀਈਓ ਧੀਰਜ ਕੁਮਾਰ ਪਾਸੋਂ ਜਦ ਇਹ ਪੁੱਛਿਆ ਜਾ ਰਿਹਾ ਸੀ ਕਿ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਿੱਚ ਕਿੰਨਾ ਵਾਧਾ ਹੋਇਆ ਹੈ ਅਤੇ ਨਾਲ ਹੀ ਉਹਨਾਂ ਉੱਥੇ ਮੌਜੂਦ ਇਹਨਾਂ ਸਿੱਖਿਆ ਅਧਿਕਾਰੀਆਂ ਤੋਂ ਇਹ ਪੁੱਛ ਲਿਆ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਵੰਡ ਦਿੱਤੀਆਂ ਗਈਆਂ ਕਿ ਨਹੀਂ ਵੰਡੀਆਂ ਗਈਆਂ ਅਤੇ ਇਸੇ ਦੌਰਾਨ ਹੀ ਸਿੱਖਿਆ ਮੰਤਰੀ ਨੇ ਇਹਨਾਂ ਅਧਿਕਾਰੀਆਂ ਨੂੰ ਸ਼ਰੇਆਮ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਕਿਸੇ ਵੀ ਸਕੂਲ ਵਿੱਚ ਕਿਤਾਬਾਂ ਜਾਂ ਵਰਦੀਆਂ ਨਹੀਂ ਵੰਡੀਆਂ ਗਈਆਂ ਤਾਂ ਮੈਂ ਤੁਹਾਨੂੰ ਸਸਪੈਂਡ ਕਰ ਦੇਵਾਂਗਾ, ਇਹ ਚਿਤਾਵਨੀ ਜ਼ਿਲ੍ਹੇ ਦੇ ਸਾਰੇ ਅਫਸਰਾਂ ਦੇ ਸਾਹਮਣੇ ਦਿੱਤੀ ਗਈ ਸੀ ਲੇਕਿਨ ਹੈਰਾਨੀ ਦੀ ਗੱਲ ਤਾਂ ਇਹ ਹੈ ਉੱਥੇ ਮੌਜੂਦ ਇਹਨਾਂ ਅਧਿਕਾਰੀਆਂ ਵਿੱਚੋਂ ਡਿਪਟੀ ਡੀਈਓ ਸੁਖਵਿੰਦਰ ਸਿੰਘ ਨੇ ਸ਼ਰੇਆਮ ਝੂਠ ਬੋਲਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬੇਵਕੂਫ ਬਣਾਉਂਦਿਆਂ ਇਹ ਕਹਿ ਦਿੱਤਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਵਰਦੀਆਂ ਵੰਡੀਆਂ ਗਈਆਂ ਹਨ, ਲੇਕਿਨ 30 ਜੁਲਾਈ ਨੂੰ ਹੀ ਮੰਤਰੀ ਦੀ ਫਟਕਾਰ ਤੋਂ ਬਾਅਦ ਵਰਦੀਆਂ ਨਾ ਵੰਡੇ ਜਾਣ ਦਾ ਸਬੂਤ ਖੁਦ ਜ਼ਿਲ੍ਹਾ ਸਿੱਖਿਆ ਅਫਸਰ (ਸਕੈਂਡਰੀ) ਦਾ ਉਹ ਪੱਤਰ ਵੀ ਸਾਹਮਣੇ ਆ ਗਿਆ ਜਿਹੜਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਲਿਖਿਆ ਗਿਆ ਹੈ ਅਤੇ ਜਿਸ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਦੀਆਂ ਵਰਦੀਆਂ ਨੂੰ ਤੁਰੰਤ ਵੰਡਿਆ ਜਾਵੇ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਤਕਰੀਬਨ ਇਕ ਹਜ਼ਾਰ ਦੇ ਕਰੀਬ ਹੈ ਸਕੂਲਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਕਈ ਸਕੂਲਾਂ ਵਿੱਚ ਤਾਂ ਕਿਤਾਬਾਂ ਵੀ ਨਹੀਂ ਪੁੱਜੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਕੂਲਾਂ ਨੂੰ 600 ਰੁਪਏ ਪ੍ਰਤੀਵਰਦੀ ਦੇ ਹਿਸਾਬ ਨਾਲ ਦਿੱਤੇ ਗਏ ਹਨ ਅਤੇ ਇਹ 600 ਰੁਪਏ ਸਾਰੇ ਸਕੂਲਾਂ ਲਈ ਸਿਰਦਰਦੀ ਬਣੇ ਹੋਏ ਹਨ ਕਿਉਂਕਿ 600 ਰੁਪਏ ਨਾਲ ਨਾ ਤਾਂ ਕਮੀਜ਼ ਪੂਰੀ ਬਣਦੀ ਹੈ ਅਤੇ ਨਾ ਹੀ ਪੈਂਟ ਪੂਰੀ ਬਣਦੀ ਹੈ ਇਥੇ ਹੀ ਨਹੀਂ ਛੇਵੀਂ ਦੇ ਵਿਦਿਆਰਥੀ ਦੇ ਲਈ ਵੀ 600 ਰੁਪਏ ਅਤੇ ਦਸਵੀਂ ਦੇ ਵਿਦਿਆਰਥੀ ਲਈ ਵੀ 600 ਰੁਪਏ ਪ੍ਰਤੀ ਵਰਦੀ ਦੇ ਹਿਸਾਬ ਨਾਲ ਦਿੱਤੇ ਗਏ ਹਨ।
ਗਿਲਜੀਆਂ ਦੇ ਚਹੇਤੇ ਹਨ ਡਿਪਟੀ ਡੀਈਓ
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਡਿਪਟੀ ਡੀਈਓ ਸੁਖਵਿੰਦਰ ਸਿੰਘ ਦੀ ਤੈਨਾਤੀ ਕਾਂਗਰਸ ਸਰਕਾਰ ਦੇ ਸਮੇਂ ਤਤਕਾਲੀ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਰਵਾਈ ਸੀ ਅਤੇ ਇਹ ਅਧਿਕਾਰੀ ਉਨਾਂ ਦਾ ਚਹੇਤਾ ਅਧਿਕਾਰੀ ਰਿਹਾ ਹੈ ਅਤੇ ਅਜੇ ਵੀ ਇਹ ਸੰਗਤ ਸਿੰਘ ਗਿੱਲਜੀਆਂ ਦੇ ਜਿਆਦਾਤਰ ਕੰਮਾਂ ਨੂੰ ਤਰਜੀਹ ਦਿੰਦਾ ਹੈ ਜਿਸ ਦੀ ਪੂਰੇ ਵਿਭਾਗ ਵਿੱਚ ਚਰਚਾ ਹੈ।