ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਪ੍ਰਾਈਵੇਟ ਚੈਨਲ ‘ਤੇ ਪਿਛਲੇ ਸਾਲ ਚੱਲੀ ਇੰਟਰਵਿਊ ਦੇ ਮਾਮਲੇ ਵਿੱਚ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ, ਜਿਸ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਪ੍ਰਮੋਦ ਕੁਮਾਰ ਨੇ ਇਹ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਲਾਰਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਹੋਈ ਸੀ। ਇਹ ਖੁਲਾਸਾ ਉਹਨਾਂ ਨੇ ਹਾਈਕੋਰਟ ਵਿੱਚ ਦਿੱਤੀ ਇੱਕ ਸਟੇਟਸ ਰਿਪੋਰਟ ਵਿੱਚ ਕੀਤਾ ਹੈ।
ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ਇੱਕ ਪ੍ਰਾਈਵੇਟ ਚੈਨਲ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਟੈਲੀਕਾਸਟ ਕੀਤੀ ਸੀ ਜਿਸ ‘ਤੇ ਮੱਚੇ ਹੰਗਾਮੇ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਨਹੀਂ ਬਲਕਿ ਕਿਸੇ ਬਾਹਰਲੀ ਜੇਲ੍ਹ ਵਿੱਚ ਹੋਈ ਹੈ ਅਤੇ ਡੀਜੀਪੀ ਦੇ ਦਾਅਵੇ ਤੋਂ ਬਾਅਦ ਦੁਬਾਰਾ ਫਿਰ ਲਾਰੈਂਸ ਬਿਸ਼ਨੋਈ ਨੇ ਇੱਕ ਹੋਰ ਇੰਟਰਵਿਊ ਦੇ ਦਿੱਤੀ, ਲੇਕਿਨ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੁੱਜਿਆ ਤਾਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਅਤੇ ਸਿੱਟ ਬਣਨ ਤੋਂ ਬਾਅਦ ਇਸ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ।

ਅੱਜ ਇਸ ਮਾਮਲੇ ਵਿੱਚ ਇਹ ਖੁਲਾਸੇ ਵਾਲੀ ਸਟੇਟਸ ਰਿਪੋਰਟ ਸਬਮਿਟ ਕੀਤੀ ਗਈ ਹਾਲਾਂਕਿ ਗੈਂਗਸਟਰ ਲਾਰਸ ਬਿਸ਼ਨੋਈ ਦੀਆਂ ਜੇਲ੍ਹ ਵਿੱਚੋਂ ਵੀਡੀਓ ਜਾਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਅਜੇ ਕੁਝ ਦਿਨ ਪਹਿਲਾਂ ਹੀ ਈਦ ਦੇ ਮੌਕੇ ‘ਤੇ ਲਾਰੈਂਸ ਬਿਸ਼ਨੋਈ ਨੇ ਪਾਕਿਸਤਾਨ ਦੇ ਇੱਕ ਵੱਡੇ ਗੈਂਗਸਟਰ ਨਾਲ ਵੀਡੀਓ ਕਾਲ ਕੀਤੀ ਅਤੇ ਜਿਸ ਨੂੰ ਬਾਅਦ ਵਿੱਚ ਲੀਕ ਕਰ ਦਿੱਤਾ ਗਿਆ, ਜਦ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਟੈਲੀਕਾਸਟ ਹੋਈ ਸੀ ਤਾਂ ਇਸ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਵੱਡਾ ਇਤਰਾਜ ਜ਼ਾਹਰ ਕੀਤਾ ਸੀ।