ਦਾ ਐਡੀਟਰ ਨਿਊਜ਼, ਜਲੰਧਰ ——- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸਾਬਕਾ ਵਿਧਾਇਕ ਅਤੇ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਭਾਜਪਾ ਦੀ ਉਮੀਦਵਾਰ ਸ਼ੀਤਲ ਅੰਗੁਰਾਲ ਅੱਜ ਜਗਜੀਵਨ ਰਾਮ ਚੌਂਕ ਪਹੁੰਚੇ। ਇਸ ਦੌਰਾਨ ਅੰਗੁਰਾਲ ਨੇ ਆਪਣੀ ਕੁਰਸੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਸਟੇਜ ‘ਤੇ ਲਾਈ ਅਤੇ ਕਾਫੀ ਸਮਾਂ ਉਨ੍ਹਾਂ ਦਾ ਇੰਤਜ਼ਾਰ ਕੀਤਾ, ਪਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਆਏ।
ਜਦੋਂ ਮੰਤਰੀ ਭਗਵੰਤ ਮਾਨ ਨਹੀਂ ਆਏ ਤਾਂ ਇਸ ਦੌਰਾਨ ਮੁੱਖ ਮੰਤਰੀ ਨੂੰ ਸਬੂਤਾਂ ਦਾ ਤੋਹਫ਼ਾ ਦੇਣ ਆਏ ਸ਼ੀਤਲ ਅੰਗੁਰਾਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਫੁੱਟ-ਫੁੱਟ ਕੇ ਰੋ ਪਏ, ਅੰਗੁਰਾਲ ਨੇ ਕਿਹਾ ਕਿ ਪਾਕਿਸਤਾਨ ਦੇ ਨੰਬਰ ਤੋਂ ਮੇਰੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ ਕਿ ਜੇ ਤੂੰ ਆਡੀਓ ਲੀਕ ਕੀਤੀ ਤਾਂ ਤੇਰੇ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ ਮੈਨੂੰ ਮੇਰੀ ਧੀ ਤੇ ਪੁੱਤਰ ਦਾ ਫਿਕਰ ਹੈ।

ਜ਼ਿਕਰਯੋਗ ਹੈ ਕਿ ਸ਼ੀਤਲ ਅੰਗੁਰਾਲ ਨੇ ਐਲਾਨ ਕੀਤਾ ਸੀ ਕਿ ਉਹ ਜਗਜੀਵਨ ਰਾਮ ਚੌਕ ਵਿੱਚ ਮੁੱਖ ਮੰਤਰੀ ਦਾ ਇੰਤਜ਼ਾਰ ਕਰਨਗੇ। ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੌਂਕ ਵਿੱਚ ਆ ਕੇ ਸਬੂਤ ਲੈਣ ਦਾ ਸੱਦਾ ਦਿੱਤਾ ਸੀ। ਇਸ ਸੰਬੰਧੀ ਸ਼ੀਤਲ ਅੰਗੁਰਾਲ ਨੇ ਆਪਣੀ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅੱਜ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਹ ਵੀਰਵਾਰ ਬਾਅਦ ਦੁਪਹਿਰ ਬਾਬੂ ਜਗਜੀਵਨ ਰਾਮ ਚੌਕ ਵਿਖੇ ਹਾਜ਼ਰ ਹੋਣਗੇ। ਉਨ੍ਹਾਂ ਕੋਲ ਸਾਰੇ ਸਬੂਤ ਅਤੇ ਆਡੀਓ ਵੀ ਹੋਣਗੇ। ਸ਼ੀਤਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਇਨ੍ਹਾਂ ਸਬੂਤਾਂ ‘ਚ ‘ਆਪ’ ਪਰਿਵਾਰ, ‘ਆਪ’ ਵਿਧਾਇਕਾਂ ਅਤੇ ਦੀਪਕ ਬਾਲੀ ਦਾ ਜ਼ਿਕਰ ਨਹੀਂ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੋ, ਨਹੀਂ ਤਾਂ ਨੈਤਿਕ ਆਧਾਰ ‘ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਜਲੰਧਰ ‘ਚ ਚੋਣ ਪ੍ਰਚਾਰ ਦੌਰਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਦੋ ਸਾਲ ਪਹਿਲਾਂ ਉਸ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਬਣਾਇਆ ਸੀ, ਪਰ ਉਹ ਦਲ-ਬਦਲੂ ਅਤੇ ਲਾਲਚੀ ਨਿਕਲਿਆ। ਇਹ ਚੋਣ ਉਸ ਦੇ ਨਿੱਜੀ ਸਵਾਰਥ ਅਤੇ ਲਾਲਚ ਕਾਰਨ ਹੋ ਰਹੀ ਹੈ। ਉਨ੍ਹਾਂ ਅਸਤੀਫ਼ਾ ਦੇ ਕੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ। ਮਾਨ ਨੇ ਕਿਹਾ ਕਿ ਲੋਕਾਂ ਨੂੰ ਇਸ ਚੋਣ ਵਿਚ ਹੋਈ ਧੋਖਾਧੜੀ ਦਾ ਬਦਲਾ ਲੈਣਾ ਚਾਹੀਦਾ ਹੈ। ਇਸ ਵਾਰ ਉਸ ਨੂੰ ਅਜਿਹਾ ਸਬਕ ਸਿਖਾਓ ਕਿ ਕੋਈ ਮੁੜ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰੇ।
ਮਾਨ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਛੱਡ ਕੇ ਪਾਰਟੀ ਅਤੇ ਲੋਕਾਂ ਨਾਲ ਧੋਖਾ ਕੀਤਾ ਹੈ। ਉਸ ਦੀ ਇਸ ਧੋਖਾਧੜੀ ਕਾਰਨ ਜ਼ਿਮਨੀ ਚੋਣਾਂ ‘ਚ ਸਰਕਾਰੀ ਖ਼ਜ਼ਾਨੇ ‘ਚੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ, ਜੋ ਲੋਕਾਂ ਦੇ ਟੈਕਸ ਦਾ ਪੈਸਾ ਹੈ। ਮਾਨ ਨੇ ਸ਼ੀਤਲ ਅੰਗੁਰਾਲ ਨੂੰ ਚੇਤਾਵਨੀ ਦਿੱਤੀ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ। ਤੁਹਾਡੇ ਵਾਂਗ ਸਾਡੇ ਖ਼ਿਲਾਫ਼ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ ਹੈ। ਮਾਨ ਨੇ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ। ਸਾਡੇ ਤੋਂ ਜਦੋਂ ਮਰਜ਼ੀ ਚਾਹੇ ਬਹਿਸ ਕਰ ਲਓ, 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਓ।
ਮਾਨ ਨੇ ਕਿਹਾ ਕਿ ਮੈਂ ਸ਼ੀਤਲ ਅੰਗੁਰਾਲ ਨੂੰ ਉਸ ਦੀਆਂ ਭ੍ਰਿਸ਼ਟ ਗਤੀਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨੇ। ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਦੋ ਨੰਬਰ ਦੇ ਕੰਮ ਕਰਨ ‘ਚ ਪਰੇਸ਼ਾਨੀ ਹੁੰਦੀ ਸੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਹੱਥ ਦਿੰਦੀ ਹੈ। ਪਰ ਅਸੀਂ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।