ਦਾ ਐਡੀਟਰ ਨਿਊਜ਼, ਨਵੀਂ ਦਿੱਲੀ —– ਅਫਗਾਨਿਸਤਾਨ ਦੀ ਟੀਮ ਨੇ ਵੈਸਟਇੰਡੀਜ਼ ਦੇ ਸੇਂਟ ਵਿਸੇਂਟ ਸਟੇਡੀਅਮ ‘ਚ ਰਾਸ਼ਿਦ ਖਾਨ ਦੀ ਕਪਤਾਨੀ ‘ਚ ਇਤਿਹਾਸ ਰਚ ਦਿੱਤਾ ਹੈ। ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਪਹਿਲੇ ਸੈਮੀਫਾਈਨਲ ‘ਚ ਅਫਗਾਨਿਸਤਾਨ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ।
ਅਫਗਾਨਿਸਤਾਨ ਦੀ ਜਿੱਤ ਨਾਲ ਆਸਟ੍ਰੇਲੀਆ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ। ਕੰਗਾਰੂ ਟੀਮ ਘੱਟ ਰਨ ਰੇਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।

ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਹਿਮਾਨੁੱਲਾ ਗੁਰਬਾਜ਼ ਦੀ 43 ਦੌੜਾਂ ਦੀ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ 115 ਦੌੜਾਂ ਦਾ ਟੀਚਾ ਰੱਖਿਆ। ਬੰਗਲਾਦੇਸ਼ ਦੀ ਟੀਮ 105 ਦੌੜਾਂ ਹੀ ਬਣਾ ਸਕੀ ਅਤੇ 8 ਦੌੜਾਂ ਨਾਲ ਮੈਚ ਹਾਰ ਗਈ। ਨਵੀਨ ਉਲ ਹੱਕ ਨੇ 18ਵੇਂ ਓਵਰ ਵਿੱਚ ਲਗਾਤਾਰ 2 ਵਿਕਟਾਂ ਲੈ ਕੇ ਟੀਮ ਨੂੰ ਆਲ ਆਊਟ ਕਰ ਦਿੱਤਾ। 54 ਦੌੜਾਂ ਬਣਾਉਣ ਵਾਲੇ ਲਿਟਨ ਦਾਸ ਇਕ ਸਿਰੇ ‘ਤੇ ਖੜ੍ਹੇ ਰਹਿ ਗਏ ਅਤੇ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ।