– ਅਕਾਲੀ ਦਲ ਦੇ ਪ੍ਰਧਾਨ ਨੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੀੜਤ ਸਿੱਖ ਵਿਦਿਆਰਥਣ ਨੂੰ ਵਿਸ਼ੇਸ਼ ਮੌਕਾ ਦੇਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੀਤੀ ਅਪੀਲ
ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਦੀ ਐਡਵੋਕੇਟ ਤੇ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਅਰਮਨਜੋਤ ਕੌਰ ਨੂੰ ਕ੍ਰਿਪਾਨ ਧਾਰਨ ਕੀਤੇ ਹੋਣ ਕਾਰਨ ਨਿਆਂਇਕ ਸੇਵਾਵਾਂ ਪ੍ਰੀਖਿਆ ਦੇਣ ਤੋਂ ਰੋਕਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕ੍ਰਿਪਾਨ ਧਾਰਣ ਕਰਨਾ ਪੰਜ ਕੱਕਾਰ ਧਾਰਨ ਕਰਨ ਦਾ ਹਿੱਸਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਉਹਨਾਂ ਕਿਹਾ ਕਿ ਇਹ ਘਟਨਾ ਸਾਡੇ ਧਰਮ ਦੀਆਂ ਪਵਿੱਤਰ ਮਰਿਆਦਾ ਦਾ ਅਪਮਾਨ ਹੈ ਅਤੇ ਨਾ ਸਿਰਫ ਇਸ ਕਾਰਣ ਬਹੁਤ ਉਦਾਸ ਹਾਂ ਸਗੋਂ ਹੈਰਾਨ ਹਾਂ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਸਭ ਤੋਂ ਵੱਡੀ ਦੇਸ਼ ਭਗਤ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਜਿਸਦੀ ਕੋਈ ਬਰਾਬਰੀ ਨਹੀਂ ਮਿਲਦੀ।
ਸਰਦਾਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ ਸ਼ਰਮਾ ਨੂੰ ਅਪੀਲ ਕੀਤੀ ਕਿ ਉਹ ਬੀਬੀ ਅਰਮਨਜੋਤ ਕੌਰ ਨੂੰ ਇਕ ਵਿਸ਼ੇਸ਼ ਮੌਕਾ ਦੇਣ ਕਿ ਉਹ ਵਿਸ਼ੇਸ਼ ਪ੍ਰੀਖਿਆ ਦੇ ਸਕਣ ਕਿਉਂਕਿ ਉਸਨੇ ਬਿਨਾਂ ਕਿਸੇ ਕਸੂਰ ਦੇ ਇਹ ਮੌਕਾ ਗੁਆਇਆ ਹੈ।
ਉਹਨਾਂ ਕਿਹਾ ਕਿ ਮੈਂ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਬੰਧਤ ਪ੍ਰੀਖਿਆ ਸਟਾਫ ਦੇ ਦੋਸ਼ੀ ਮੈਂਬਰਾਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਉਣ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰ ਸਕਣ।