ਦਾ ਐਡੀਟਰ ਨਿਊਜ਼, ਜਲੰਧਰ ——– ਜਲੰਧਰ ‘ਚ ਪੱਛਮੀ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਅੱਜ ਕਾਂਗਰਸ, ‘ਆਪ’ ਅਤੇ ਅਕਾਲੀ ਦਲ ਸਮੇਤ ਹੋਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਉਮੀਦਵਾਰ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਵੀ ਕਰਨਗੇ।
ਦੱਸ ਦੇਈਏ ਕਿ ਕਾਂਗਰਸ ਨੇ ਸੁਰਿੰਦਰ ਕੌਰ ਨੂੰ, ਆਪ ਨੇ ਮਹਿੰਦਰ ਭਗਤ ਨੂੰ ਅਤੇ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਥੇ ਹੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।
ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ ‘ਚ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ 29 ਮਈ ਨੂੰ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਅੰਗੁਰਲ ਨੇ 30 ਮਈ ਨੂੰ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਪੱਤਰ ਲਿਖਿਆ ਸੀ।
3 ਜੂਨ ਨੂੰ ਸਪੀਕਰ ਨੇ ਅੰਗੁਰਲ ਨੂੰ ਉਨ੍ਹਾਂ ਦੇ ਅਸਤੀਫੇ ‘ਤੇ ਚਰਚਾ ਕਰਨ ਲਈ ਬੁਲਾਇਆ ਸੀ। ਪਰ 30 ਮਈ ਨੂੰ ਹੀ ਅੰਗੁਰਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸ ‘ਤੇ ਅੰਗੁਰਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਸੀ।
ਦਿਲਚਸਪ ਗੱਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਗਤ ਅਤੇ ਅੰਗੁਰਾਲ ਵੀ ਚੋਣ ਮੈਦਾਨ ਵਿੱਚ ਸਨ। ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਅੰਗੁਰਾਲ ‘ਆਪ’ ਦੇ ਉਮੀਦਵਾਰ ਸਨ। ਇਸ ਵਾਰ ਉਲਟਾ ਹੋ ਗਿਆ ਹੈ। ਭਗਤ ‘ਆਪ’ ਤੋਂ ਹਨ ਜਦਕਿ ਅੰਗੁਰਾਲ ਭਾਜਪਾ ਤੋਂ ਹਨ।