ਦਾ ਐਡੀਟਰ ਨਿਊਜ਼, ਚੰਡੀਗੜ੍ਹ – ਪੰਜਾਬ ‘ਚ ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਕਈ ਸੀਟਾਂ ਦੇ ਨਤੀਜੇ ਆ ਗਏ ਹਨ। ਇਸ ਸਮੇਂ ਸਭ ਤੋਂ ਵੱਧ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਦੇ 13-0 ਵਾਲੇ ਦਾਅਵੇ ਦੀ ਹੋ ਰਹੀ ਹੈ। ਦੱਸ ਦਈਏ ਕਿ ਮਾਨ ਨੇ ਦਾਅਵਾ ਕੀਤਾ ਸੀ ਕਿ ਆਪ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਤੇ ਜਿੱਤ ਹਾਸਲ ਕਰੇਗੀ, ਪਰ ਹੁਣ ਤੱਕ ਦੇ ਆਏ ਰੁਝਾਨ ਅਤੇ ਨਤੀਜੇ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ। ਪੰਜਾਬ ਸਰਕਾਰ ਦੇ 4 ਮੰਤਰੀ ਚੋਣ ਹਾਰ ਚੁੱਕੇ ਹਨ ਅਤੇ ਸਿਰਫ 1 ਮੰਤਰੀ ਹੀ ਸੀਟ ਬਚਾ ਸਕਿਆ ਹੈ ਅਤੇ ਸਾਰੇ ਵਿਧਾਇਕ ਵੀ ਹਾਰ ਚੁੱਕੇ ਹਨ।
ਹੇਠ ਲਿਖੇ ਉਮੀਦਵਾਰਾਂ ਨੇ ਜਿੱਤ ਕੀਤੀ ਦਰਜ……..
ਚੰਨੀ ਜਲੰਧਰ ਤੋਂ ਜਿੱਤੇ
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜੇਤੂ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਕਰੀਬ 1.76 ਲੱਖ ਵੋਟਾਂ ਨਾਲ ਹਰਾਇਆ ਹੈ।
ਸੰਗਰੂਰ ਤੋਂ ‘ਮੀਤ ਹੇਅਰ’ ਦੀ ਜਿੱਤ
ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਰਹੇ ਹਨ। ਉਨ੍ਹਾਂ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਕਰੀਬ 1.68 ਲੱਖ ਵੋਟਾਂ ਨਾਲ ਹਰਾਇਆ।
ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਜੇਤੂ
ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਜੇਤੂ ਰਹੇ ਹਨ। ਇਥੋਂ ਉਨ੍ਹਾਂ ਨੇ ਆਪ ਦੇ ਮੰਤਰੀ ਲਾਲਜੀਤ ਭੁੱਲਰ ਅਤੇ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਨੂੰ ਹਰਾਇਆ।
ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਤੋਂ ਜਿੱਤ
ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਜਿੱਤ ਗਈ ਹੈ। ਉਨ੍ਹਾਂ ‘ਆਪ’ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾਇਆ। ਉਹ ਅਕਾਲੀ ਦਲ ਵੱਲੋਂ ਜਿੱਤ ਦਰਜ ਕਰਨ ਵਾਲੇ ਇੱਕਲੇ ਉਮੀਦਵਾਰ ਰਹੇ ਬਾਕੀ ਹੋਰ ਕੋਈ ਵੀ ਉਮੀਦਵਾਰ ਜਿੱਤ ਦਰਜ ਕਰਨ ‘ਚ ਕਾਮਯਾਬ ਨਹੀਂ ਹੋ ਸਕਿਆ।
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਦੀ ਜਿੱਤ
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਜਿੱਤ ਹਾਸਲ ਕੀਤੀ ਹੈ। ਔਜਲਾ ਲਗਾਤਾਰ ਤੀਜੀ ਵਾਰ ਜਿੱਤੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 37587 ਵੋਟਾਂ ਨਾਲ ਹਰਾਇਆ। ਔਜਲਾ ਨੂੰ 247385 ਵੋਟਾਂ ਮਿਲੀਆਂ। ਜਦਕਿ ਧਾਲੀਵਾਲ ਨੂੰ 209798 ਵੋਟਾਂ ਮਿਲੀਆਂ।
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਰਹੇ ਜੇਤੂ
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਆਪ ਦੇ ਗੁਰਪ੍ਰੀਤ ਸਿੰਘ ਜੀ ਪੀ ਨੂੰ ਹਰਾਇਆ।