ਦਾ ਐਡੀਟਰ ਨਿਊਜ਼. ਚੰਡੀਗੜ੍ਹ —- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂ ਅਤੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਕੇ ਇਹ ਗੱਲ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਉਹਨਾਂ ਲਈ ਸਭ ਤੋਂ ਪਹਿਲਾਂ ਪਾਰਟੀ ਹੈ ਨਾ ਕਿ ਰਿਸ਼ਤੇ-ਨਾਤੇ, ਅਸਲ ਵਿੱਚ ਨਾ ਹੀ ਇਹ ਕਦਮ ਉਸ ਸਮੇਂ ਚੁੱਕਿਆ ਜਦੋਂ ਅਕਾਲੀ ਦਲ ਆਪਣੇ ਮਾੜੇ ਦੌਰ ਦੇ ਆਖਰੀ ਪਲਾਂ ਵਿੱਚੋਂ ਨਿੱਕਲ ਰਿਹਾ ਹੈ, ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਲਈ ਪਿਛਲੇ ਨੌ ਸਾਲ ਬਹੁਤ ਹੀ ਕਠਿਨ ਅਤੇ ਚੁਣੌਤੀ ਭਰਪੂਰ ਰਹੇ ਹਨ ਅਤੇ ਇਸ ਦੌਰਾਨ ਉਹ ਜਿੱਥੇ ਬਾਹਰੀ ਵਿਰੋਧ ਦਾ ਸਾਹਮਣਾ ਕਰ ਰਹੇ ਸਨ, ਉੱਥੇ ਹੀ ਉਹਨਾਂ ਦੀ ਪਾਰਟੀ ਦੇ ਅੰਦਰੋਂ ਵੀ ਗੰਭੀਰ ਚੁਣੌਤੀਆਂ ਮਿਲ ਰਹੀਆਂ ਸਨ ਅਤੇ ਇਹਨਾਂ ਦੋਵਾਂ ਚੁਣੌਤੀਆਂ ਵਿੱਚੋਂ ਸੁਖਬੀਰ ਸਿੰਘ ਬਾਦਲ ਨਿੱਕਲਣ ਵਿੱਚ ਲੱਗਭੱਗ ਕਾਮਯਾਬ ਹੋ ਗਏ ਹਨ, ਜਿਸ ਦੀ ਮਿਸਾਲ ਇਹ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਅਕਾਲੀ ਦਲ ਦੀਆਂ ਲੋਕ ਸਭਾ ਸੀਟਾਂ ਘੱਟ ਵੱਧ ਹੋ ਸਕਦੀਆਂ ਹਨ ਪਰ ਇਹ ਸਾਫ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸਮੁੱਚੇ ਕੇਡਰ ਨੂੰ ਪਾਰਟੀ ਨਾਲ ਤੋਰਨ ਵਿੱਚ ਕਾਮਯਾਬ ਹੋ ਗਏ ਹਨ ਅਤੇ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਨਮੋਸ਼ੀ ਦੇ ਆਲਮ ਵਿੱਚੋਂ ਵੀ ਕੱਢ ਲਿਆਂਦਾ ਹੈ, ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ ਪਿਛਲੇ ਨੌ ਸਾਲ ਦੇ ਮੁਕਾਬਲੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਵੱਡੇ ਪੱਧਰ ’ਤੇ ਉੱਪਰ ਜਾਣ ਦੀ ਸੰਭਾਵਨਾ ਹੈ।
ਬੇਅਦਬੀਆਂ ਦੇ ਸੱਚ ਨਾਲ ਅਕਾਲੀ ਦਲ ਦਾ ਵਾਸਤਾ
ਤਕਰੀਬਨ ਇਕ ਸਾਲ ਪਹਿਲਾਂ ਬੇਅਦਬੀਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁੱਖੀ ਆਈਪੀਐਸ ਐਸਪੀਐਸ ਪਰਮਾਰ ਨੇ ਇੱਕ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਸੀ, ਜਿਸ ਵਿੱਚ ਪ੍ਰਮੁੱਖ ਤੌਰ ’ਤੇ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਸੀ ਕਿ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦਾ ਬਾਦਲ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਨਾ ਹੀ ਇਹਨਾਂ ਬੇਅਦਬੀਆਂ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਸਾਹਮਣੇ ਆਈ ਸੀ ਲੇਕਿਨ ਅਕਾਲੀ ਦਲ ਇਸ ਨੂੰ ਬੜੇ ਸੀਮਤ ਤਰੀਕੇ ਨਾਲ ਹੀ ਉੱਠਾ ਸਕਿਆ ਕਿਉਂਕਿ ਪੰਜਾਬ ਦਾ ਪ੍ਰਮੁੱਖ ਮੀਡੀਆ ਸਰਕਾਰ ਦੀ ਛਤਰ ਛਾਇਆ ਹੇਠ ਚੱਲ ਰਿਹਾ ਸੀ ਅਤੇ ਉਹ ਖਬਰ ਇੱਕ ਰਿਪੋਰਟ ਤੱਕ ਹੀ ਸੀਮਤ ਹੋ ਕੇ ਰਹਿ ਗਈ, ਇਸੇ ਦੌਰਾਨ ਲੋਕ ਸਭਾ ਚੋਣਾਂ ਦੌਰਾਨ ਰਿਟਾਇਰਡ ਜਸਟਿਸ ਜੋਰਾ ਸਿੰਘ ਨੇ ਇਕ ਵੈਬ ਟੀਵੀ ਨੂੰ ਇੱਕ ਇੰਟਰਵਿਊ ਦਿੱਤੀ ਜਿਸ ਵਿੱਚ ਉਹਨਾਂ ਨੇ ਸਾਰਿਆਂ ਨੂੰ ਇਹ ਕਹਿ ਕੇ ਚੌਕਾ ਦਿੱਤਾ ਕਿ ਇਹਨਾਂ ਬੇਅਦਬੀਆਂ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਸੀ, ਹਾਲਾਂਕਿ ਇਹ ਖੁਲਾਸਾ ਵੀ ਪ੍ਰਮੁੱਖ ਮੀਡੀਆ ਅਦਾਰਿਆਂ ਦੀਆਂ ਸੁਰਖੀਆਂ ਵਿੱਚੋਂ ਗਾਇਬ ਰਿਹਾ ਅਤੇ ਅਕਾਲੀ ਦਲ ਵੀ ਇਸ ਗੱਲ ਨੂੰ ਉਠਾਉਣ ਵਿੱਚੋਂ ਖੁੰਝ ਗਿਆ ਲੇਕਿਨ ਇਹ ਦੋਵੇਂ ਪ੍ਰਮੁੱਖ ਗੱਲਾਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਲਈ ਸੁਰਖਰੀ ਦਾ ਸਬੱਬ ਬਣਨਗੀਆਂ।
2015 ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਡੀ ਬੇਅਦਬੀ ਕੀਤੀ ਗਈ, ਜਿਸ ਨੇ ਅਕਾਲੀ ਸਰਕਾਰ ਤੇ ਪਾਰਟੀ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਸਨ, ਇਸ ਦੌਰਾਨ ਕਈ ਅਖੌਤੀ ਪੰਥਕ ਧਿਰਾਂ ਨਿੱਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਨੇ ਅਕਾਲੀ ਦਲ ਦੇ ਖਿਲਾਫ ਇੰਨਾ ਵੱਡਾ ਪ੍ਰਪੰਚ ਰਚਾ ਦਿੱਤਾ ਕਿ ਇੱਕ ਵਾਰ ਕਾਂਗਰਸ ਸਰਕਾਰ ਅਤੇ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਲੇਕਿਨ ਉਹ ਅਖੌਤੀ ਪੰਥਕ ਧਿਰਾਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੀਆਂ ਹਨ, ਕਈਆਂ ’ਤੇ ਤਾਂ ਵੱਡੀ ਪੱਧਰ ’ਤੇ ਪੈਸੇ ਕਮਾਉਣ ਦਾ ਸਿੱਧਾ ਦੋਸ਼ ਵੀ ਲੱਗ ਚੁੱਕਾ ਹੈ ਅਤੇ ਇਸ ਦੌਰਾਨ ਹੀ ਹੌਲੀ-ਹੌਲੀ ਅਕਾਲੀ ਦਲ ਦੇ ਕਈ ਆਗੂ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਢੀਡਸਾ, ਸੇਵਾ ਸਿੰਘ ਸੇਖਵਾ, ਬ੍ਰਹਮਪੁਰਾ ਅਤੇ ਕਈ ਹੋਰ ਅਕਾਲੀ ਲੀਡਰ ਪਾਰਟੀ ਨੂੰ ਛੱਡ ਕੇ ਚਲੇ ਗਏ ਅਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀਆਂ ਵੀ ਦਿੱਤੀਆਂ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ’ਤੇ ਵੱਡੇ ਦੋਸ਼ ਲੱਗੇ ਅਤੇ ਕਿਹਾ ਗਿਆ ਕਿ ਬਾਦਲ ਪਰਿਵਾਰ ਕਰਕੇ ਅਕਾਲੀ ਦਲ ਦਾ ਇਹ ਹਾਲ ਹੋ ਗਿਆ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕੀਤਾ ਬਲਕਿ ਉਹਨਾਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਵੀ ਕੀਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਜਿੱਥੇ ਉਹ ਅਕਾਲੀ ਦਲ ਨੂੰ ਆਪਣੇ ਮਾੜੇ ਦੌਰ ਵਿੱਚੋਂ ਕੱਢਣ ਵਿੱਚ ਕਾਮਯਾਬ ਹੋ ਗਏ ਅਤੇ ਉਥੇ ਹੀ ਉਹ ਆਪਣੇ ਆਪ ਨੂੰ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ’ਤੇ ਸਥਾਪਿਤ ਕਰਨ ਵਿੱਚ ਲੱਗਭਗ ਕਾਮਯਾਬ ਹੋ ਚੁੱਕੇ ਹਨ।
ਅਕਾਲੀ ਦਲ ਅਤੇ ਭਾਜਪਾ ਦੇ ਸਬੰਧਾਂ ਵਿੱਚ ਸੁਖਬੀਰ ਬਾਦਲ ਦੀ ਭੂਮਿਕਾ
1998 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨੂੰ ਬਿਨਾ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਸੀ ਹਾਲਾਂਕਿ ਸਰਦਾਰ ਬਾਦਲ ਦੇ ਇਸ ਕਦਮ ਤੋਂ ਗੁਰਚਰਨ ਸਿੰਘ ਟੌੜਾ ਸਮੇਤ ਕਈ ਅਕਾਲੀ ਆਗੂ ਖਫਾ ਸਨ ਤੇ ਇਸ ਕਦਮ ਨੂੰ ਗਲਤ ਕਦਮ ਦੱਸਿਆ ਸੀ ਅਤੇ ਇਹ ਤਰਕ ਦਿੱਤਾ ਸੀ ਕੀ ਅਕਾਲੀ ਦਲ ਨੂੰ ਪੰਜਾਬ ਦੀਆਂ ਕਈ ਹੱਕੀ ਮੰਗਾਂ ਨੂੰ ਮੰਨਵਾ ਲੈਣਾ ਚਾਹੀਦਾ ਸੀ ਲੇਕਿਨ ਇਸ ਗੱਠਜੋੜ ਨਾਲ ਅਕਾਲੀ ਦਲ ਨੇ ਤਿੰਨ ਸਰਕਾਰਾਂ ਬਣਾਈਆਂ ਅਤੇ ਕਈ ਆਪਣੇ ਐਮਪੀ ਨੂੰ ਪਾਰਲੀਮੈਂਟ ਵਿੱਚ ਭੇਜਿਆ। ਇਸ ਗੱਠਜੋੜ ਕਰਕੇ 1997 ਤੋਂ ਲੈ ਕੇ 2022 ਤੱਕ ਅਕਾਲੀ ਦਲ ਦਾ ਜਿੱਥੇ ਆਪਣਾ ਵੋਟ ਪ੍ਰਤੀਸ਼ਤ ਘੱਟਦਾ ਗਿਆ ਉਥੇ ਹੀ ਅਕਾਲੀ ਦਲ ਤੋਂ ਪੰਥਕ ਹੋਣ ਦਾ ਟੈਗ ਵੀ ਹੱਟਦਾ ਗਿਆ, ਜਦੋਂ ਕਿਸਾਨ ਅੰਦੋਲਨ ਦਾ ਮਾਮਲਾ ਆਇਆ ਤਾ ਪੰਜਾਬ ਵਿੱਚ ਉਠੇ ਭਾਜਪਾ ਦੇ ਖਿਲਾਫ ਵੱਡੇ ਵਿਦਰੋਹ ਕਾਰਨ ਅਕਾਲੀ ਦਲ ਨੂੰ ਭਾਜਪਾ ਦਾ ਸਾਥ ਛੱਡਣਾ ਪਿਆ ਲੇਕਿਨ ਤਿੰਨ ਕਾਨੂੰਨ ਵਾਪਸ ਹੋਣ ਤੋਂ ਬਾਅਦ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਸ਼ਾਇਦ ਅਕਾਲੀ ਦਲ ਅਤੇ ਭਾਜਪਾ ਦਾ ਦੁਬਾਰਾ ਗੱਠਜੋੜ ਹੋ ਸਕਦਾ ਹੈ ਲੇਕਿਨ ਦੁਬਾਰਾ ਗੱਠਜੋੜ ਨਹੀਂ ਹੋਇਆ, ਫਿਰ ਦੁਬਾਰਾ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਦਾ ਮੁੱਦਾ ਆਇਆ ਤਾਂ ਫਿਰ ਚਰਚਾ ਛਿੜ ਗਈ ਕਿ ਇਹ ਗੱਠਜੋੜ ਦੁਬਾਰਾ ਹੋ ਸਕਦਾ ਹੈ ਹਾਲਾਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਨਾਂ ਗੱਲਬਾਤ ਚੱਲਣ ਤੋਂ ਇਹ ਸਟੇਟਮੈਂਟਾਂ ਦਿੱਤੀਆਂ ਕਿ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਭਾਜਪਾ ਨੇ ਕਈ ਪਾਸਿਓਂ ਗੱਠਜੋੜ ਦਾ ਦਬਾਅ ਵੀ ਪਾਇਆ ਅਤੇ ਨਾਲ ਹੀ ਪਾਰਟੀ ਅੰਦਰ ਅਤੇ ਬਾਹਰ ਵੀ ਇਹ ਚਰਚਾ ਚੱਲਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਗੱਠਜੋੜ ਕਰ ਲੈਣਗੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸਿਰਫ ਬਠਿੰਡਾ ਸੀਟ ਹੈ, ਇਸੇ ਦੌਰਾਨ ਉਨ੍ਹਾਂ ਨੇ ਭਾਜਪਾ ਨਾਲ ਗੱਠਜੋੜ ਕਰਨ ਲਈ ਪਾਰਟੀ ਦੇ ਹਰ ਪੱਧਰ ’ਤੇ ਮੀਟਿੰਗਾਂ ਦਾ ਸਿਲਸਿਲਾ ਵੀ ਚਲਾਇਆ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕੀ ਅਕਾਲੀ ਦਲ ਨੂੰ ਭਾਜਪਾ ਨਾਲ ਗੱਠਜੋੜ ਕਰਨਾ ਚਾਹੀਦਾ ਹੈ ਜਾਂ ਫਿਰ ਇਕੱਲਿਆਂ ਹੀ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ, ਜਿਸ ਵਿੱਚ ਪਾਰਟੀ ਦੀ ਰਾਏ ਵੰਡੀ ਹੋਈ ਸੀ, ਜਿਆਦਾਤਰ ਅਕਾਲੀ ਆਗੂ ਇਸ ਗੱਠਜੋੜ ਦੇ ਹੱਕ ਦੇ ਵਿੱਚ ਵੀ ਦਿਸੇ ਖਾਸਕਰ ਉਹ ਜਿਹੜੇ ਸ਼ਹਿਰੀ ਹਲਕਿਆਂ ਵਿੱਚ ਚੋਣਾਂ ਲੜ ਰਹੇ ਹਨ ਅਤੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਤਮਾਮ ਮੀਟਿੰਗਾਂ ਵਿੱਚ ਆਪਣੀ ਕੋਈ ਰਾਏ ਪ੍ਰਗਟ ਨਹੀਂ ਕੀਤੀ ਅਤੇ ਇਸ ਦੌਰਾਨ ਇੱਕ ਅਕਾਲੀ ਆਗੂ ਨੇ ਦਾ ਐਡੀਟਰ ਨਾਲ ਗੱਲਬਾਤ ਕਰਦੇ ਇਹ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਬੀਜੇਪੀ ਨਾਲ ਗੱਠਜੋੜ ਕਰਨ ਦੇ ਹੱਕ ਵਿੱਚ ਨਹੀਂ ਹਨ ਅਤੇ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਤਾਂ ਸੁਖਬੀਰ ਸਿੰਘ ਬਾਦਲ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਭਾਜਪਾ ਨਾਲ ਗੱਠਜੋੜ ਨਹੀਂ ਕਰਨ ਜਾ ਰਹੇ ਤੇ ਉਹਨਾਂ ਨੇ ਇਹ ਸਪੱਸ਼ਟ ਸਟੈਂਡ ਲੈ ਲਿਆ ਕੇ ਜਿੰਨਾ ਚਿਰ ਭਾਜਪਾ ਬੰਦੀ ਸਿੰਘਾਂ ਦੀ ਰਿਹਾਈ, ਹਰਿਆਣਾ ਗੁਰਦੁਆਰਾ ਕਮੇਟੀ ਅਤੇ ਹੋਰ ਕਈ ਸਿੱਖ ਮਸਲਿਆਂ ’ਤੇ ਆਪਣਾ ਸਟੈਂਡ ਸਪੱਸ਼ਟ ਨਹੀਂ ਕਰਦੀ ਉਨਾਂ ਚਿਰ ਕੋਈ ਗੱਠਜੋੜ ਨਹੀਂ ਹੋਵੇਗਾ, ਜਿਸ ਦਾ ਨਤੀਜਾ ਇਹ ਹੋਇਆ ਕਿ ਪੂਰੇ ਪੰਜਾਬ ਵਿੱਚ ਅਕਾਲੀ ਵਰਕਰਾਂ ਵਿੱਚ ਜੋਸ਼ ਭਰ ਗਿਆ, ਜਿਸ ਦੀ ਕਾਫੀ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਅਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਨ ਦੀ ਬਜਾਏ ਐਲਾਨਨਾਮਾ ਜਾਰੀ ਕੀਤਾ ਤਾ ਉਸ ਵਿੱਚ ਉਹ ਤਮਾਮ ਮੁੱਦੇ ਫਿਰ ਪੁਰਜੀਵਨ ਕੀਤੇ ਗਏ ਜਿਹੜੇ ਕਿਸੇ ਸਮੇਂ ਅਕਾਲੀ ਦਲ ਦੇ ਉਭਾਰ ਲਈ ਜਿੰਮੇਵਾਰ ਹੁੰਦੇ ਰਹੇ ਖਾਸ ਕਰਕੇ ਸਟੇਟਾਂ ਦੇ ਵੱਧ ਅਧਿਕਾਰ ਅਤੇ ਪਾਣੀਆਂ ਦਾ ਮਸਲਾ ਅਹਿਮ ਸੀ।
ਆਪ ਚੋਣ ਨਾ ਲੜਨ ਦੀ ਬਜਾਏ ਪਾਰਟੀ ਨੂੰ ਮਜਬੂਤ ਕਰਨ ਨੂੰ ਤਰਜੀਹ
ਪਹਿਲਾ ਇਹ ਚਰਚਾ ਪੂਰੇ ਜ਼ੋਰਾਂ ’ਤੇ ਸੀ ਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ ਲੇਕਿਨ ਉਹਨਾਂ ਨੇ ਆਪ ਚੋਣ ਨਾ ਲੜਨ ਦਾ ਫੈਸਲਾ ਕੀਤਾ ਅਤੇ ਸਾਰੇ ਪ੍ਰਚਾਰ ਦੀ ਕਮਾਨ ਆਪ ਸੰਭਾਲ ਲਈ, ਇਥੋਂ ਤੱਕ ਕਿ 3500 ਕਿਲੋਮੀਟਰ ਦੇ ਕਰੀਬ ਪੰਜਾਬ ਬਚਾਓ ਯਾਤਰਾ ਕੀਤੀ ਅਤੇ ਉਸ ਤੋਂ ਬਾਅਦ ਲਗਾਤਾਰ ਉਹ ਰੈਲੀਆਂ ਤੇ ਰੈਲੀਆਂ ਕਰ ਰਹੇ ਹਨ ਤੇ ਇਹ ਗੱਲ ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹੀ ਅਜਿਹੇ ਦੋ ਅਕਾਲੀ ਆਗੂ ਹਨ ਜਿਹੜੇ ਚੋਣ ਪ੍ਰਚਾਰ ਕਰ ਰਹੇ ਹਨ ਜਦ ਕਿ ਬਾਕੀ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ ਅਤੇ ਇਹ ਦੋਵੇਂ ਆਗੂ ਹੀ ਇਹਨਾਂ ਸਾਰਿਆਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ।